ਜ਼ਿਲ੍ਹਾ ਪ੍ਰਸ਼ਾਸਨ ਫਿਸ਼ ਪਾਰਕ ਵਿੱਚ ਵੱਡੀ ਸਕਰੀਨ ਲਗਾ ਕੇ ਲਾਈਵ ਦਿਖਾਏਗਾ ਭਾਰਤ-ਆਸਟਰੇਲੀਆ ਦਾ ਫਾਈਨਲ ਮੈਚ
ਡਿਪਟੀ ਕਮਿਸ਼ਨਰ ਵੱਲੋਂ ਖਿਡਾਰੀਆਂ, ਨੌਜਵਾਨਾਂ ਅਤੇ ਦਰਸ਼ਕਾਂ ਨੂੰ ਮੈਚ ਦੇਖਣ ਦਾ ਸੱਦਾ
ਰੋਹਿਤ ਗੁਪਤਾ
ਗੁਰਦਾਸਪੁਰ, 18 ਨਵੰਬਰ 2023 : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਲਗਾਤਾਰ ਜਾਰੀ ਹਨ। ਇਨ੍ਹਾਂ ਉਪਰਾਲਿਆਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਲਕੇ 19 ਨਵੰਬਰ ਨੂੰ ਕ੍ਰਿਕਟ ਦੇ ਵਿਸ਼ਵ ਕੱਪ ਦਾ ਭਾਰਤ-ਆਸਟਰੇਲੀਆ ਫਾਈਨਲ ਮੈਚ ਗੁਰਦਾਸਪੁਰ ਦੀ ਫਿਸ਼ ਪਾਰਕ ਵਿਖੇ ਵੱਡੀ ਸਕਰੀਨ ਲਗਾ ਕੇ ਲਾਈਵ ਦਿਖਾਇਆ ਜਾਵੇਗਾ। ਫਿਸ਼ ਪਾਰਕ ਵਿੱਚ ਵੱਡੀ ਸਕਰੀਨ ਲਗਾਉਣ ਦੇ ਨਾਲ ਖਿਡਾਰੀਆਂ, ਨੌਜਵਾਨਾਂ ਅਤੇ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਸ਼ ਪਾਰਕ ਵਿੱਚ ਵੱਡੀ ਸਕਰੀਨ ਉੱਪਰ ਵਿਸ਼ਵ ਕੱਪ ਦਾ ਫਾਈਨਲ ਮੈਚ ਲਾਈਵ ਦਿਖਾਇਆ ਜਾਵੇਗਾ ਜੋ 19 ਨਵੰਬਰ ਨੂੰ ਦੁਪਹਿਰ ਤੋਂ ਸ਼ੁਰੂ ਹੋ ਕੇ ਰਾਤ 10:30 ਤੱਕ ਮੈਚ ਦੇ ਖ਼ਤਮ ਹੋਣ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਹਮੇਸ਼ਾਂ ਕੋਸ਼ਿਸ਼ ਰਹੀ ਹੈ ਕਿ ਨੌਜਵਾਨ ਨੂੰ ਖੇਡਾਂ ਨਾਲ ਜੋੜਿਆ ਜਾਵੇ ਅਤੇ ਉਨ੍ਹਾਂ ਵਿੱਚ ਖੇਡ ਭਾਵਨਾ ਪੈਦਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਕਦਮ ਵੀ ਇਸ ਉਦੇਸ਼ ਦੀ ਪ੍ਰਾਪਤੀ ਵਿੱਚ ਅਹਿਮ ਸਹਾਈ ਹੋਵੇਗਾ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਖਿਡਾਰੀਆਂ, ਨੌਜਵਾਨਾਂ ਅਤੇ ਦਰਸ਼ਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਫਿਸ਼ ਪਾਰਕ ਗੁਰਦਾਸਪੁਰ ਵਿਖੇ ਪਹੁੰਚ ਕੇ ਭਾਰਤ-ਆਸਟਰੇਲੀਆ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਦਾ ਅਨੰਦ ਲੈਣ।