ਗਲੋਬਲ ਮਿਡਾਸ ਕੈਪੀਟਲ (ਜੀਐਮਸੀ) ਵੱਲੋਂ ਬਣਾਈ ਦਸਤਾਵੇਜ਼ੀ ਫਿਲਮ ‘ਕਾਨਪੁਰ ਫਾਈਲਜ਼’ ਰਿਲੀਜ਼
- 1984 ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਦਸਤਾਵੇਜ਼ੀ ਫ਼ਿਲਮ ਮਜ਼ਬੂਤ ਨੀਂਹ ਪ੍ਰਦਾਨ ਕਰਦੀ ਹੈ : ਇੰਦਰਪ੍ਰੀਤ ਸਿੰਘ
ਚੰਡੀਗੜ੍ਹ, 28 ਨਵੰਬਰ 2023 - ਗਲੋਬਲ ਮਿਡਾਸ ਕੈਪੀਟਲ (ਜੀਐਮਸੀ), ਪ੍ਰੋਡਕਸ਼ਨ ਹਾਊਸ ਨੇ ਗਲੋਬਲ ਮਿਡਾਸ ਫਾਊਂਡੇਸ਼ਨ (ਜੀਐਮਐਫ) ਦੇ ਸਹਿਯੋਗ ਨਾਲ "ਕਾਨਪੁਰ ਫਾਈਲਜ਼" ਸਿਰਲੇਖ ਨਾਲ ਇੱਕ ਵਿਸ਼ੇਸ਼ ਦਸਤਾਵੇਜ਼ੀ ਬਣਾਈ ਹੈ, ਜੋ ਆਈਐਸਟੀ ਗਲੋਬਲ ਮਿਡਾਸ ਗਰੁੱਪ ਦੇ ਜੀਐਮਐਫ ਅਤੇ 'ਸਾਡਾ ਖਿੜਦਾ ਪੰਜਾਬ' ਯੂਟਿਊਬ ਚੈਨਲ 'ਤੇ 26 ਨਵੰਬਰ ਨੂੰ ਰਿਲੀਜ਼ ਕੀਤੀ ਗਈ ਹੈ।
ਦਸਤਾਵੇਜ਼ੀ ਫਿਲਮ 1984 ਵਿੱਚ ਕਾਨਪੁਰ, ਭਾਰਤ ਵਿੱਚ 127 ਸਿੱਖਾਂ ਦੇ ਕਤਲੇਆਮ ਦੀਆਂ ਅਸਲ ਘਟਨਾਵਾਂ 'ਤੇ ਅਧਾਰਤ ਹੈ, ਜੋ ਕਿ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਵਾਪਰੀ ਸੀ।
ਡਾਕੂਮੈਂਟਰੀ ਬਾਰੇ ਗੱਲ ਕਰਦਿਆਂ ਗਲੋਬਲ ਮਿਡਾਸ ਕੈਪੀਟਲ ਅਤੇ ਗਲੋਬਲ ਮਿਡਾਸ ਫਾਊਂਡੇਸ਼ਨ ਦੇ ਸੰਸਥਾਪਕ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੀ ਮਿਆਦ 1 ਘੰਟਾ 25 ਮਿੰਟ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਨਿਆਂ ਦੇ ਮਾਮਲੇ ਵਿੱਚ ਅੱਜ ਅਸੀਂ ਕਿੱਥੇ ਖੜੇ ਹਾਂ? ਉਨ੍ਹਾਂ ਕਿਹਾ ਕਿ ਇਸ ਦਸਤਾਵੇਜੀ ਵਿਚ ਉਸ ਸਮੇਂ ਹੋਈਆਂ ਬੱਚਿਆਂ, ਔਰਤਾਂ ਅਤੇ ਮੁਟਿਆਰਾਂ ਦੇ ਕਤਲਾਂ, ਲੁੱਟਾਂ-ਖੋਹਾਂ, ਘਰਾਂ, ਕਾਰੋਬਾਰਾਂ ਤੇ ਨਿੱਜੀ ਜਾਇਦਾਦਾਂ ਦੀ ਬਰਬਾਦੀ, ਬੱਚਿਆਂ, ਔਰਤਾਂ ਤੇ ਛੋਟੀਆਂ ਬੱਚੀਆਂ ਨਾਲ ਬੇਰਹਿਮੀ ਨਾਲ ਕੀਤਾ ਵਹਿਸ਼ੀਆਨਾ ਵਰਤਾਰਾ, ਯੂਪੀ ਦੇ ਕਾਨਪੁਰ ਵਿੱਚ 40 ਸਾਲ ਬਾਅਦ ਵੀ ਨਿਆਂ ਨਾ ਮਿਲਣਾ ਆਦਿ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜੀ, ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ, 1984 ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਤੇ ਉਨ੍ਹਾਂ ਦੀ ਟੀਮ ਨੂੰ ਸਬੂਤਾਂ, ਕਾਨੂੰਨੀ ਕਾਰਵਾਈਆਂ, ਜਾਂਚ ਵਿੱਚ ਢਿੱਲ, ਗਵਾਹਾਂ ਸਬੰਧੀ ਕਿਵੇਂ ਦਰਪੇਸ਼ ਮੁਸ਼ਕਲਾਂ ਸਾਹਮਣਾ ਕਰਨਾ ਪਿਆ, ਦਾ ਖੁਲਾਸਾ ਕਰਦੀ ਹੈ। ਜਸਦੀਪ ਕੌਰ ਇਸ ਦਸਤਾਵੇਜੀ ਦੀ ਲੇਖਕ ਤੇ ਨਿਰਦੇਸ਼ਕ ਹੈ।
ਗਲੋਬਲ ਮਿਡਾਸ ਕੈਪੀਟਲ ਤੇ ਗਲੋਬਲ ਮਿਡਾਸ ਫਾਊਂਡੇਸ਼ਨ ਦੇ ਸੰਸਥਾਪਕ ਇੰਦਰਪ੍ਰੀਤ ਸਿੰਘ ਨੇ ਭਾਰਤ ਤੇ ਅੰਤਰਰਾਸ਼ਟਰੀ ਪੱਧਰ 'ਤੇ ਸਾਰੀਆਂ ਸਿੱਖ ਧਾਰਮਿਕ ਤੇ ਰਾਜਨੀਤਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਨੁੱਖੀ ਅਧਿਕਾਰਾਂ, ਜਮਹੂਰੀ ਅਧਿਕਾਰਾਂ, ਘੱਟ ਗਿਣਤੀਆਂ ਦੇ ਅਧਿਕਾਰਾਂ, ਨਾਗਰਿਕ ਸੁਤੰਤਰਤਾਵਾਂ, ਅੰਤਰ-ਧਰਮ ਸੰਸਥਾਵਾਂ, ਮੌਬ ਲਿੰਚਿੰਗ ਅਤੇ ਹਿੰਸਾ ਵਿਰੁੱਧ ਲੜਨ, ਨਸਲਕੁਸ਼ੀ, ਨਰਸੰਹਾਰ ਨੂੰ ਰੋਕਣ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਇਸ ਦਸਤਾਵੇਜ਼ੀ ਫਿਲਮ ਨੂੰ ਦੇਖਣਾ ਚਾਹੀਦਾ ਹੈ ਅਤੇ ਇਸ ਨੂੰ ਖਾਸ ਭਾਈਚਾਰਿਆਂ, ਕਾਲਜਾਂ, ਯੂਨੀਵਰਸਿਟੀਆਂ, ਗੁਰਦੁਆਰਿਆਂ ਅਤੇ ਦੁਨੀਆ ਭਰ ਦੇ ਆਮ ਲੋਕਾਂ ਨੂੰ ਦਿਖਾਉਣਾ ਚਾਹੀਦਾ ਹੈ।
ਉਨ੍ਹਾਂ ਬੇਨਤੀ ਕੀਤੀ ਕਿ ਉਪਰੋਕਤ ਸੰਸਥਾਵਾਂ ਨਾਲ ਜੁੜੇ ਲੋਕਾਂ ਦੀ ਵਿਸ਼ੇਸ਼ ਸਕਰੀਨਿੰਗ ਕਰਵਾਈ ਜਾਵੇ, ਤਾਂ ਜੋ ਮਨੁੱਖਤਾ ਦੇ ਆਧਾਰ 'ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਤੇ ਇਨਸਾਫ਼ ਦੀ ਅਪੀਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਤਾਲਮੇਲ ਵਾਲੇ ਸਮਰਥਨ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ, ਤਾਂ ਜੋ ਲੰਬੇ ਸਮੇਂ ਤੋਂ ਉਡੀਕ ਰਹੇ ਪੀੜਤਾਂ ਨੂੰ ਨਿਆਂ ਤੇ ਪੁਨਰਵਾਸ ਪ੍ਰਦਾਨ ਕੀਤਾ ਜਾ ਸਕੇ, ਜਿਨ੍ਹਾਂ ਨੇ ਭਾਰਤ ਭਰ ਵਿੱਚ 1984 ਵਿੱਚ ਸਿੱਖਾਂ ਦੇ ਖਿਲਾਫ ਨਸਲਕੁਸ਼ੀ ਦੌਰਾਨ ਸਭ ਕੁਝ ਗੁਆ ਦਿੱਤਾ ਸੀ।
ਇਹ ਘਟਨਾ ਬੇਹੱਦ ਮੰਦਭਾਗੀ ਸੀ, ਪਰ ਦੁੱਖ ਦੀ ਗੱਲ ਇਹ ਹੈ ਕਿ ਘਟਨਾ ਦੇ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਕਤਲੇਆਮ ਦੇ ਮੁੱਖ ਦੋਸ਼ੀਆਂ ਅਤੇ ਮਾਸਟਰ ਮਾਈਂਡ, ਜੋ ਅਜੇ ਤੱਕ ਫਰਾਰ ਹੈ, ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ। ਇਹ ਸਪੱਸ਼ਟ ਹੈ ਕਿ ਇਸ ਮੁੱਖ ਦੋਸ਼ੀ ਦੀ ਕਾਨਪੁਰ ਭਰ ਵਿੱਚ 127 ਸਿੱਖ ਕਤਲੇਆਮ ਅਤੇ ਹੋਰ ਅਪਰਾਧਿਕ ਹਿੰਸਕ ਗਤੀਵਿਧੀਆਂ ਵਿੱਚ ਅਹਿਮ ਭੂਮਿਕਾ ਹੈ, ਜਿਸ ਨੂੰ ਇਸ ਦਸਤਾਵੇਜ਼ੀ ਫਿਲਮ ਵਿੱਚ ਸਬੂਤਾਂ ਸਮੇਤ ਬੇਨਕਾਬ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ, ਜਦੋਂ 1984 ਤੋਂ ਬਾਅਦ ਦੇ ਪੂਰੇ 39 ਸਾਲਾਂ ਨੂੰ ਇਸ ਤਰ੍ਹਾਂ ਵਿਸਥਾਰ ਨਾਲ ਦਰਸਾਇਆ ਗਿਆ ਹੈ।