ਮੇਰੇ ਨਵੇਂ ਗੀਤ ‘ਸਵਾਦ’ ਨੂੰ ਹਰ ਪਾਸਿਓ ਭਰਵਾਂ ਪਿਆਰ ਮਿਲ ਰਿਹੈ: ਹਰਿੰਦਰ ਸੰਧੂ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 12 ਮਈ 2024 - ਪੰਜਾਬੀ ਗਾਇਕੀ ’ਚ ਸਾਫ਼-ਸੁਥਰੇ ਗੀਤਾਂ, ਲੋਕ ਗਥਾਵਾਂ ਨੂੰ ਹਮੇਸ਼ਾ ਹਿੱਕ ਦੇ ਜ਼ੋਰ ਨਾਲ ਗਾ ਕੇ ਅਲੱਗ ਪਹਿਚਾਣ ਬਣਾਉਣ ਵਾਲੇ ਲੋਕ ਗਾਇਕ ਹਰਿੰਦਰ ਸੰਧੂ ਨੇ ਦੱਸਿਆ ਕਿ ਮਾਂ ਦਿਵਸ ਨੂੰ ਸਮਰਪਿਤ ਉਨ੍ਹਾਂ ਦਾ ਨਵਾਂ ਗੀਤ ਸਵਾਦ (ਟੇਸਟ) ਨੂੰ ਹਰ ਪਾਸਿਓ ਭਰਵਾਂ ਪਿਆਰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਮੇਰੇ ਕੰਪੋਜ਼ ਕੀਤੇ ਗੀਤ ‘ਸਵਾਦ’ ਨੂੰ ਮਨਜਿੰਦਰ ਬੈਂਸ ਭਾਗੋਕਾਵਾਂ ਨੇ ਲਿਖਿਆ ਹੈ। ਗੀਤ ਦਾ ਸੰਗੀਤ ਹਰੀ-ਅੰਮਿ੍ਰਤ ਨੇ ਤਿਆਰ ਕੀਤਾ ਹੈ। ਗੀਤ ਦੀ ਮਿਕਸਿੰਗ ਅਤੇ ਮਾਸਟਰਿੰਗ ਸੰਨੀ ਸਵੈਨ ਨੇ ਕੀਤੀ ਹੈ। ਇਸ ਦੀ ਵੀਡੀਓ ਨਿਊਜ਼ੀਲੈਂਡ ਦੀਆਂ ਸੁੰਦਰ ਲੁਕੇਸ਼ਨਾਂ ਤੇ ਜੌਕਰ ਕ੍ਰੀਏਸ਼ਨ ਵੱਲੋਂ ਤਿਆਰ ਕੀਤਾ ਗਿਆ।
ਇਸ ਲਈ ਹਰਦੇਵ ਬਰਾੜ ਨਿਊਜ਼ੀਲੈਂਡ ਅਤੇ ਟੀਮ ਰਾਜਿੰਦਰ ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਉਨ੍ਹਾਂ ਦੱਸਿਆ ਗੀਤ ਰਾਹੀਂ ਮਾਂ ਦੇ ਹੱਥਾਂ ਨਾਲ ਤਿਆਰ ਕੀਤੇ ਪਕਵਾਨਾਂ ਨੂੰ ਯਾਦ ਕਰਦਿਆਂ ਨੌਜਵਾਨ ਨੂੰ ਸਾਡੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਪ੍ਰੀਵਾਰਿਕ ਰਿਸ਼ਤਿਆਂ ਨਾਲ ਜੁੜੇ ਗੀਤ ਹਮੇਸ਼ਾ ਰੂਹ ਨੂੰ ਸਕੂਨ ਦਿੰਦੇ ਹਨ। ਇਸ ਲਈ ਭਵਿੱਖ ’ਚ ਅਜਿਹੇ ਗੀਤ ਨਿਰੰਤਰ ਸਰੋਤਿਆਂ ਲਈ ਗਾਏ ਜਾਣਗੇ। ਇਸ ਮੌਕੇ ਲੋਕ ਗਾਇਕ ਸੁਰਜੀਤ ਗਿੱਲ ਅਤੇ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਵੀ ਹਾਜ਼ਰ ਸਨ।