ਸਰੀ ‘ਚ ਗੋਲਡਨ ਸਟਾਰ ਪੰਜਾਬੀ ਗਾਇਕ ਮਲਕੀਤ ਸਿੰਘ ਨੂੰ ‘ਪੰਜਾਬੀ ਸਭਿਆਚਾਰ ਦਾ ਅੰਬੈਸਡਰ’ ਸਨਮਾਨ ਨਾਲ ਨਿਵਾਜਿਆ
ਹਰਦਮ ਮਾਨ
ਸਰੀ, 28 ਜੁਲਾਈ 2024- ਬੀਤੀ ਸ਼ਾਮ ਅਦਾਰਾ ਦੇਸ ਪ੍ਰਦੇਸ ਟਾਈਮਜ਼ ਅਤੇ ਟੌਪ ਨੌਚ ਡਿਵਲਮੈਂਟ ਲਿਮਟਿਡ, ਏ ਕਲਾਸ ਇਲੈਕਟ੍ਰਿਕ ਕੰਪਨੀ ਦੇ ਮਾਲਕ ਮਨਜੀਤ ਸਿੰਘ ਸੈਣੀ ਵੱਲੋਂ
ਸਰੀ ਪੁੱਜੇ ‘ਗੋਲਡਨ ਸਟਾਰ’ ਪੰਜਾਬੀ ਗਾਇਕ ਮਲਕੀਤ ਸਿੰਘ ਨੂੰ ‘ਪੰਜਾਬੀ ਸਭਿਆਚਾਰ ਦੇ ਅੰਬੈਸਡਰ’ ਵਜੋਂ ਸਨਮਾਨਿਤ ਕੀਤਾ ਗਿਆ। ਸਰੀ ਦੇ ਗਰੈਂਡ ਐਂਪਾਇਰ ਬੈਂਕੁਇਟ ਹਾਲ ਵਿਚ
ਹੋਏ ਸਮਾਗਮ ਵਿੱਚ ਸਰੀ ਅਤੇ ਵੈਨਕੂਵਰ ਦੇ ਕਈ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ।
ਗਾਇਕ ਮਲਕੀਤ ਸਿੰਘ ਨੇ ਇਸ ਸਮੇਂ ਜਿੱਥੇ ਆਪਣੇ ਚਾਲੀ ਸਾਲਾਂ ਦੇ ਸੰਗੀਤਕ ਸਫਰ ਬਾਰੇ ਦੱਸਿਆ ਉਥੇ ਪੰਜਾਬੀਆਂ ਨੂੰ ਦੁਨੀਆਂ ਭਰ ਵਿੱਚ ਮਿਲਦੇ ਮਾਣ ਸਨਮਾਨ ਲਈ ਮਿਹਨਤ ਤੇ
ਮਸ਼ੱਕਤ ਨੂੰ ਮੂਲ ਆਧਾਰ ਦੱਸਿਆ। ਉਹਨਾਂ ਆਪਣੇ ਪ੍ਰਸਿਧ ਗੀਤਾਂ ‘ਗੁੜ ਨਾਲੋਂ ਇਸ਼ਕ ਮਿੱਠਾ’, ‘ਤੂਤਕ ਤੂਤਕ ਤੂਤੀਆਂ’, ‘ਮੇਰਾ ਮਾਂ ਦੇ ਹੱਥ ਦੀਆਂ ਪੱਕੀਆਂ ਰੋਟੀਆਂ ਖਾਣ
ਨੂੰ ਬੜਾ ਚਿਤ ਕਰਦਾ’ ਅਤੇ ‘ਕਾਲੀ ਐਨਕ ਨਾ ਲਾਇਆ ਕਰ …’ ਸਮੇਤ ਆਪਣੇ ਕਈ ਗੀਤਾਂ ਦਾ ਜ਼ਿਕਰ ਕੀਤਾ ਜਿਹਨਾਂ ਨੂੰ ਪੰਜਾਬੀਆਂ ਨੇ ਭਰਵਾਂ ਪਿਆਰ ਸਤਿਕਾਰ ਦਿੱਤਾ। ਉਹਨਾਂ ਕਿਹਾ
ਕਿ ਪੰਜਾਬੀ ਜਦੋਂ ਵੀ ਵਿਦੇਸ਼ ਨੂੰ ਤੁਰੇ ਤਾਂ ਉਹਨਾਂ ਨੇ ਗੁਰੂ ਮਹਾਰਾਜ ਦਾ ਨਾਮ ਲੈ ਕੇ ਹੀ ਆਪਣਾ ਸਫਰ ਸ਼ੁਰੂ ਕੀਤਾ ਤੇ ਗੁਰੂ ਦੀ ਬਖਸ਼ਿਸ਼ ਸਦਕਾ ਜ਼ਿੰਦਗੀ ਦੇ ਹਰ ਖੇਤਰ ਵਿਚ
ਤਰੱਕੀਆਂ ਹਾਸਲ ਕੀਤੀਆਂ ਹਨ। ਪੰਜਾਬੀਆਂ ਨੇ ਉਸ ਦੇ ਗੀਤਾਂ ਨੂੰ ਜਿੰਨਾ ਪਿਆਰ ਦਿੱਤਾ ਅਤੇ ਦੇ ਰਹੇ ਹਨ, ਇਸ ਲਈ ਉਹ ਪੰਜਾਬੀਆਂ ਦਾ ਸਦਾ ਰਿਣੀ ਹੈ। ਉਹਨਾ ਕਿਹਾ ਕਿ ਵੈਨਕੂਵਰ
ਏਅਰਪੋਰਟ ‘ਤੇ ਪੰਜਾਬੀ ਵਿਚ ਲਿਖੇ ‘ਜੀ ਆਇਆਂ’ ਸ਼ਬਦ ਕੈਨੇਡਾ ਦੇ ਪੰਜਾਬੀਆਂ ਦੀ ਵੱਡੀ ਪ੍ਰਾਪਤੀ ਹੈ।
ਉਹਨਾਂ ਦੱਸਿਆ ਕਿ ਉਹ ਸਰੀ ਦੇ ਪੰਜਾਬੀਆਂ ਦੀ ਦਰਿਆ ਦਿਲੀ ‘ਤੇ ਵੀ ਲਿਖਿਆ ਗੀਤ ਜਲਦ ਹੀ ਪੇਸ਼ ਕਰਨਗੇ। ਦੁਨੀਆਂ ਵਿਚ ਦਸਤਾਰ ਦੀ ਚੜ੍ਹਦੀ ਕਲਾ ਦੀ ਗੱਲ
ਕਰਦਿਆਂ ਕਿਹਾ ਉਹਨਾਂ ਕਿ ਇਕ ਦਸਤਾਰਧਾਰੀ ਸਿੱਖ ਦੀ ਹਰ ਥਾਂ ਵਿਲੱਖਣ ਪਛਾਣ ਹੈ ਅਤੇ ਉਹਨਾਂ ਨੂੰ ਵੀ ਇਕ ਪਗੜੀਧਾਰੀ ਗਾਇਕ ਹੋਣ ‘ਤੇ ਮਾਣ ਹੈ। ਉਹਨਾਂ ਸਮਾਗਮ ਵਿਚ ਪੁੱਜੀਆਂ
ਸਾਰੀਆਂ ਸ਼ਖਸੀਅਤਾਂ ਅਤੇ ਸਨਮਾਨ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ।
ਸਮਾਗਮ ਦੌਰਾਨ ਸਰੀ -ਨਿਊਟਨ ਤੋਂ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਅਤੇ ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ ਨੇ ਵੀ ਮਲਕੀਤ ਸਿੰਘ ਵੱਲੋਂ ਪੰਜਾਬੀ ਸਭਿਆਚਾਰ ਦੇ ਪ੍ਰਚਾਰ
ਅਤੇ ਪ੍ਰਸਾਰ ਲਈ ਪਾਏ ਜਾ ਰਹੇ ਯੋਗਦਾਨ ਲਈ ਸ਼ਲਾਘਾ ਕੀਤੀ। ਉਨਾਂ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਸਾਰ ਦੇ ਨਾਲ ਨਵੀਂ ਪੀੜ੍ਹੀ ਨੂੰ ਪੰਜਾਬੀ ਜ਼ੁਬਾਨ ਤੇ ਸਭਿਆਚਾਰ ਨਾਲ ਜੋੜਨ ਲਈ
ਧੰਨਵਾਦ ਕੀਤਾ। ਮੰਚ ਸੰਚਾਲਕ ਅਤੇ ਦੇਸ ਪ੍ਰਦੇਸ ਟਾਈਮਜ਼ ਦੇ ਮੁੱਖ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਨੇ ਗਾਇਕ ਮਲਕੀਤ ਸਿੰਘ ਨੂੰ ਪੰਜਾਬੀ ਸਭਿਆਚਾਰ ਦੇ ਅੰਬੈਸਡਰ ਵਜੋਂ
ਸਨਮਾਨਿਤ ਕੀਤੇ ਜਾਣ ਨੂੰ ਪੰਜਾਬੀਅਤ ਦਾ ਮਾਣ ਦੱਸਿਆ। ਉਹਨਾਂ ਕਿਹਾ ਕਿ ਮਲਕੀਤ ਸਿੰਘ ਨੇ ਪੰਜਾਬੀਆਂ ਦੀਆਂ ਤਿੰਨ ਪੀੜ੍ਹੀਆਂ ਦਾ ਮਕਬੂਲ ਗਾਇਕ ਹੋਣ ਵਜੋਂ ਜੋ ਮਾਣ ਸਨਮਾਨ ਅਤੇ
ਰੁਤਬਾ ਹਾਸਲ ਕੀਤਾ ਹੈ, ਉਹ ਕਿਸੇ ਹੋਰ ਗਾਇਕ ਦੇ ਹਿੱਸੇ ਨਹੀਂ ਆਇਆ। ਕੋਈ ਵੀ ਵਿਆਹ ਜਾਂ ਸ਼ਗਨਾਂ ਦਾ ਕਾਰਜ ਉਸਦੇ ਗਾਏ ਗੀਤਾਂ ਨਾਲ ਹੀ ਸਾਰਥਿਕ ਮੰਨਿਆ ਜਾਂਦਾ ਹੈ। ਉਘੇ
ਗਾਇਕ ਬਿੱਟੂ ਖੰਨੇਵਾਲਾ, ਸੁਰਜੀਤ ਸਿੰਘ ਮਾਧੋਪੁਰੀ, ਅੰਗਰੇਜ਼ ਸਿੰਘ ਬਰਾੜ ਨੇ ਵੀ ਪੰਜਾਬੀ ਸਭਿਆਚਾਰਕ ਗਾਇਕੀ ਵਿਚ ਮਲਕੀਤ ਸਿੰਘ ਦੀ ਭੂਮਿਕਾ ਅਤੇ ਸਥਾਨ ਦਾ ਜ਼ਿਕਰ
ਕਰਦਿਆਂ ਉਹਨਾਂ ਨੂੰ ਪੰਜਾਬੀ ਸਭਿਆਚਾਰ ਦੇ ਅੰਬੈਸਡਰ ਵਜੋਂ ਸਨਮਾਨ ਦਿੱਤੇ ਜਾਣ ਦੀ ਸ਼ਲਾਘਾ ਕੀਤੀ।
ਅੰਤ ਵਿੱਚ ਸਮਾਗਮ ਦੇ ਸਪਾਂਸਰ ਤੇ ਪ੍ਰਬੰਧਕ ਮਨਜੀਤ ਸਿੰਘ ਸੈਣੀ ਨੇ ਪੰਜਾਬੀ ਭਾਸ਼ਾ ਅਤੇ
ਪੰਜਾਬੀ ਗਾਇਕੀ ਦੇ ਰੁਤਬੇ ਬਾਰੇ ਗੱਲ ਕਰਦਿਆਂ ਇਕ ਬੁਲੰਦ ਗਾਇਕ ਤੇ ਨਿਮਰ ਸ਼ਖਸੀਅਤ ਨਾਲ
ਬੈਠਣ, ਗੱਲਬਾਤ ਕਰਨ ਤੇ ਮਹਿਫ਼ਿਲ ਮਾਨਣ ਲਈ ਪੁੱਜੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ
ਕੀਤਾ। ਉਹਨਾਂ ਗਰੈਂਡ ਇੰਪਾਇਰ ਹਾਲ ਦੇ ਮਾਲਕ ਸੁੱਚਾ ਸਿੰਘ ਪੱਡਾ ਅਤੇ ਹਰਪਾਲ ਸਿੰਘ
ਸੂਚ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰਤਾਪ ਸਿੰਘ ਸਾਹੀ,
ਬਿੱਲਾ ਸੰਧੂ (ਸਾਂਝਾ ਟੀਵੀ) , ਨਰਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਜੌਹਲ, ਸੁੱਚਾ
ਸਿੰਘ ਪੱਡਾ, ਸੁਰਜੀਤ ਸਿੰਘ ਜੰਜੂਆ, ਰਣਬੀਰ ਸਿੰਘ ਕੰਗ, ਗੁਰਜਿੰਦਰ ਸਿੰਘ ਘੱਗ,
ਸੁਖਵਿੰਦਰ ਢਿੱਲੋਂ, ਹਰਜੋਧ ਸਿੰਘ ਢਿੱਲੋਂ, ਗੁਰਪਾਲ ਸਿੰਘ ਬਡਵਾਲ, ਪਰਮਿੰਦਰ ਸਿੰਘ
ਸੈਣੀ, ਜਸਵਿੰਦਰ ਸਿੰਘ ਸੈਣੀ, ਜਸਵਿੰਦਰ ਸਿੰਘ ਸਹੋਤਾ, ਉਂਕਾਰ ਸਿੰਘ ਹੁੰਦਲ, ਅਮਰਜੀਤ
ਸਿੰਘ ਹੇਅਰ, ਇਕਬਾਲ ਢਿੱਲੋਂ, ਰੂਪ ਲਾਲ ਚੰਦੜ, ਸਵਰਨ ਸਿੰਘ ਸੇਖੋਂ, ਐਡਵੋਕੇਟ
ਸਮਨਦੀਪ ਸਿੰਘ, ਇਕਬਾਲ ਗਿੱਲ, ਨਿਰਮਲ ਪਰਿਹਾਰ, ਜਸਵੀਰ ਬਨਵੈਤ, ਨਿਰਭੈ ਸਿੰਘ ਕੈਂਥ,
ਸ਼ਾਇਰ ਸਤੀਸ਼ ਗੁਲਾਟੀ, ਸ਼ਾਇਰ ਹਰਦਮ ਮਾਨ, ਪੱਤਰਕਾਰ ਸੰਦੀਪ ਧੰਜੂ ਤੇ ਮਲਕੀਤ ਸਿੰਘ
ਕੱਥੂਨੰਗਲ ਵੀ ਹਾਜ਼ਰ ਸਨ।