ਕੈਨੇਡਾ: ‘ਫਿਲਮ “ਸੁੱਚਾ ਸੂਰਮਾ” 20 ਸਤੰਬਰ ਨੂੰ ਵਿਸ਼ਵ ਭਰ ਦੇ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਵੇਗੀ-ਬੱਬੂ ਮਾਨ
ਹਰਦਮ ਮਾਨ
ਸਰੀ, 19 ਸਤੰਬਰ 2024-‘ਫਿਲਮ “ਸੁੱਚਾ ਸੂਰਮਾ” 20 ਸਤੰਬਰ ਨੂੰ ਵਿਸ਼ਵ ਭਰ ਦੇ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ ਅਤੇ ਇਸ ਫਿਲਮ ਦੇ ਟਰੇਲਰ ਨੂੰ ਲੋਕਾਂ ਵੱਲੋਂ ਦਿੱਤੇ ਭਰਵੇਂ ਹੁੰਗਾਰੇ ਸਦਕਾ ਫਿਲਮ ਦੀ ਸਮੁੱਚੀ ਟੀਮ ਨੂੰ ਵੱਡੀ ਉਮੀਦ ਜਾਗੀ ਹੈ ਅਤੇ ਸਾਰੀ ਟੀਮ ਦੇ ਹੌਂਸਲੇ ਬੁਲੰਦ ਹੋਏ ਹਨ’। ਇਹ ਸ਼ਬਦ ਇਸ ਫਿਲਮ ਵਿੱਚ ਨਰੈਣੇ ਦਾ ਕਿਰਦਾਰ ਨਿਭਾਉਣ ਵਾਲੇ ਉੱਘੇ ਕਲਾਕਾਰ ਸਰਬਜੀਤ ਚੀਮਾ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਸ ਫਿਲਮ ਦੀ ਕਹਾਣੀ ਵਿਚ ਸੁੱਚਾ ਸੂਰਮੇ ਦੀ ਅਸਲੀ ਕਹਾਣੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਸਬੰਧ ਵਿੱਚ ਫਿਲਮ ਦੇ ਡਾਇਰੈਕਟਰ ਅਮਤੋਜ ਮਾਨ ਨੇ ਬੜੀ ਖੋਜ ਅਤੇ ਮਿਹਨਤ ਨਾਲ ਕਾਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ ਵਿੱਚ ਨਾਮਵਰ ਗਾਇਕ ਅਤੇ ਅਦਾਕਾਰ ਬੱਬੂ ਮਾਨ ਸੁੱਚਾ ਸੂਰਮੇ ਦਾ ਰੋਲ ਨਿਭਾ ਰਹੇ ਹਨ। ਸਰਬਜੀਤ ਚੀਮਾ ਨੇ ਕਿਹਾ ਕਿ ਯੋਧਿਆਂ, ਸੂਰਬੀਰਾਂ, ਗੁਰੂਆਂ ਬਾਰੇ ਅਜਿਹੀਆਂ ਇਤਿਹਾਸਿਕ ਫਿਲਮਾਂ ਜ਼ਰੂਰ ਬਣਨੀਆਂ ਚਾਹੀਦੀਆਂ ਹਨ ਤਾਂ ਜੋ ਵੱਡੇ ਪਰਦੇ ਰਾਹੀਂ ਇਹਨਾਂ ਪ੍ਰਮੁੱਖ ਹਸਤੀਆਂ ਬਾਰੇ ਜਾਣਕਾਰੀ ਆਮ ਲੋਕਾਂ ਤੱਕ ਪਹੁੰਚ ਸਕੇ।
ਇਸ ਪ੍ਰੈਸ ਕਾਰਨਫਰੰਸ ਦਾ ਪ੍ਰਬੰਧ ਕਰਨ ਵਾਲੇ ਜੋਤੀ ਸਹੋਤਾ ਅਤੇ ਲੱਕੀ ਸੰਧੂ ਨੇ ਕਿਹਾ ਕਿ ਅਜਿਹੀਆਂ ਚੰਗੀਆਂ ਫਿਲਮਾਂ ਦੇ ਪ੍ਰਚਾਰ ਪਾਸਾਰ ਲਈ ਮੀਡੀਆ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਸਾਨੂੰ ਮਾਣ ਹੈ ਕਿ ਸਾਰੇ ਮੀਡੀਆ ਕਰਮੀ ਇਸ ਚੰਗੀ ਫਿਲਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਸਾਡਾ ਸਾਥ ਦੇ ਰਹੇ ਹਨ। ਇਸ ਫਿਲਮ ਵਿੱਚ ਰੋਲ ਨਿਭਾਉਣ ਵਾਲੇ ਅੰਗਰੇਜ਼ ਬਰਾੜ ਨੇ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਮੁੱਖ ਤੌਰ ‘ਤੇ ਸੂਰਤਗੜ੍ਹ (ਰਾਜਸਥਾਨ) ਵਿਖੇ ਹੋਈ ਹੈ ਅਤੇ ਇਸ ਫਿਲਮ ਵਿੱਚ ਛੋਟਾ ਜਿਹਾ ਰੋਲ ਕਰਨ ਨਾਲ ਉਸ ਵਿਚ ਫਿਲਮਾਂ ਵਿਚ ਕੁਝ ਕਰਨ ਦੀ ਚਿਣਗ ਜਾਗੀ ਹੈ। ਬੱਬੂ ਮਾਨ ਦੇ ਸਾਥੀ ਜਸਬੀਰ ਔਜਲਾ ਨੇ ਦੱਸਿਆ ਕਿ ਇਸ ਫਿਲਮ ਦਾ ਸੰਗੀਤ ਵੀ ਬੱਬੂ ਮਾਨ ਨੇ ਦਿੱਤਾ ਹੈ ਤੇ ਇਸ ਦਾ ਟਾਈਟਲ ਗੀਤ ਬੱਬੂ ਮਾਨ ਦੀ ਆਵਾਜ਼ ਵਿੱਚ ਸੋਸ਼ਲ ਮੀਡੀਆ ‘ਤੇ ਬਹੁਤ ਮਕਬੂਲ ਹੋ ਚੁੱਕਿਆ ਹੈ।
ਇਸ ਮੌਕੇ ਮੀਡੀਆ ਕਰਮੀਆਂ ਤੋਂ ਇਲਾਵਾ ਸ਼ਾਇਰ ਮੋਹਨ ਗਿੱਲ, ਪ੍ਰਸਿੱਧ ਗੀਤਕਾਰ ਜਸਬੀਰ ਗੁਣਾਚੌਰੀਆ ਅਤੇ ਕਲਾ ਨਾਲ ਸੰਬੰਧਤ ਕਈ ਸ਼ਖ਼ਸੀਅਤਾਂ ਹਾਜਰ ਸਨ।