ਇਨਕਲਾਬ ਮੇਲਾ: ਪਹਿਲੇ ਦਿਨ ਕੁਲਵਿੰਦਰ ਬਿੱਲਾ ਅਤੇ ਕੰਵਰ ਗਰੇਵਾਲ ਨੇ ਕੀਲੇ ਦਰਸ਼ਕ
- ਸ਼ਹੀਦ ਭਗਤ ਸਿੰਘ 'ਤੇ ਆਧਾਰਿਤ ਕੋਰਿਓਗ੍ਰਾਫੀਆਂ ਅਤੇ ਨਾਟਕਾਂ ਤੋਂ ਇਲਾਵਾ ਗਿੱਧੇ-ਭੰਗੜੇ ਦੀਆਂ ਪਈਆਂ ਧਮਾਲਾਂ
- ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਸਟਾਲ ਰਹੇ ਵਿਸ਼ੇਸ਼ ਖਿੱਚ ਦਾ ਕੇਂਦਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 28 ਸਤੰਬਰ 2024 - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਖਟਕੜ ਕਲਾਂ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਇਨਕਲਾਬ ਮੇਲੇ ਦੇ ਪਹਿਲੇ ਦਿਨ ਅੱਜ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਅਤੇ ਕੰਵਰ ਗਰੇਵਾਲ ਨੇ ਆਪਣੀ ਗਾਇਕੀ ਰਾਹੀਂ ਦਰਸ਼ਕਾਂ ਨੂੰ ਕੀਲ ਲਿਆ। ਦੇਸ਼ ਭਗਤੀ, ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਗੀਤਾਂ ਤੋਂ ਇਲਾਵਾ ਉਨ੍ਹਾਂ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਖੂਬ ਰੰਗ ਬੰਨ੍ਹਿਆ ਅਤੇ ਪੂਰਾ ਪੰਡਾਲ ਝੂੰਮਣ ਲਾ ਦਿੱਤਾ। ਵੱਡੀ ਗਿਣਤੀ ਵਿਚ ਦੂਰੋਂ-ਨੇੜਿਓਂ ਆਏ ਹਜ਼ਾਰਾਂ ਦਰਸ਼ਕਾਂ ਨੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ।
ਇਸ ਦੌਰਾਨ ਰੰਗ ਕਲਾ ਮੰਚ ਅਤੇ ਵੱਖ- ਵੱਖ ਕਾਲਜਾਂ-ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ 'ਤੇ ਆਧਾਰਿਤ ਕੋਰਿਓਗ੍ਰਾਫੀਆਂ ਅਤੇ ਨਾਟਕਾਂ ਤੋਂ ਇਲਾਵਾ ਗਿੱਧੇ-ਭੰਗੜੇ ਦੀਆਂ ਖੂਬ ਧਮਾਲਾਂ ਪਈਆਂ।
ਇਸ ਤੋਂ ਇਲਾਵਾ ਫਸਲੀ ਰਹਿੰਦ-ਖੂੰਹਦ ਅਤੇ ਪਰਾਲੀ ਨਾ ਸਾੜ ਕੇ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੰਦੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਤਿਆਰ ਕਰਵਾਈ ਗਈ ਇਕ ਵਿਸ਼ੇਸ਼ ਵੀਡੀਓ ਕਲਿੱਪ ਵੀ ਖਾਸ ਚਰਚਾ ਦਾ ਵਿਸ਼ਾ ਬਣੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੀ ਬਜਾਈ ਬਹੁਤ ਸੀ ਭਲਕੇ 29 ਸਤੰਬਰ ਨੂੰ ਹਾਂ ਮੇਲੇ ਦੇ ਦੂਜੇ ਅਤੇ ਆਖਰੀ ਦਿਨ ਪ੍ਰਸਿੱਧ ਗਾਇਕਾ ਰਾਣੀ ਰਣਦੀਪ, ਜਸਬੀਰ ਜੱਸੀ ਅਤੇ ਕਰਮਜੀਤ ਅਨਮੋਲ ਆਪਣੇ ਹੁਨਰ ਦਾ ਮੁਜ਼ਾਹਰਾ ਕਰਨਗੇ। ਇਸ ਤੋਂ ਇਲਾਵਾ ਕੋਰੀਓਗ੍ਰਾਫੀਆਂ, ਨਾਟਕ ਲੁੱਡੀ, ਗਿੱਧਾ, ਭੰਗੜਾ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ। ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਸ਼ਿਰਕਤ ਕਰਕੇ ਮੇਲੇ ਦਾ ਆਨੰਦ ਮਾਨਣ।