ਡਾਇਲਾਗ ਉਡਾਤੇ ਤੋਤੇ ਪਾਤੇ ਮੋਛੇ-ਹੈਂਕਨਾਂ ਮੇਹਰ ਮਿੱਤਲ ਨੂੰ ਕਰਵਾਉਂਦੇ ਰਹਿਣਗੇ ਯਾਦ
ਅਸ਼ੋਕ ਵਰਮਾ
ਬਠਿੰਡਾ,27 ਅਕਤੂਬਰ 2024: ਆਪਣੇ ਜਮਾਨੇ ਦੇ ਮਸ਼ਹੂਰ ਕਮੇਡੀਅਨ ਮਿਹਰ ਮਿੱਤਲ ਇਕ ਅਜਿਹਾ ਕਲਾਕਾਰ ਸੀ ਜਿਸ ਦੀ ਤੋਰ ਦੇਖਦਿਆਂ ਹੱਸ ਹੱਸ ਕੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪੈਣ ਲੱਗ ਜਾਂਦੀਆਂ ਸਨ ਬੋਲਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਸੀ। ਭਾਵੇਂ ਮਿਹਰ ਮਿੱਤਲ ਸ਼ਰੀਰਕ ਤੌਰ ਤੇ 22 ਅਕਤੂਬਰ 2016 ’ਚ ਸਾਡੇ ਵਿਚਕਾਰੋਂ ਚਲੇ ਗਏ ਪਰ ਉਸ ਵੱਲੋਂ ਫਿਲਮਾਂ ’ਚ ਬੋਲੇ ਡਾਇਲਾਗ ‘ਹੈਂਕਨਾਂ ,ਉਡਾਤੇ ਤੋਤੇ ਪਾਤੇ ਮੋਛੇ ਅਤੇ ਅਦਾਕਾਰੀ ਉਸ ਨੂੰ ਰਹਿੰਦੀ ਦੁਨੀਆਂ ਤੱਕ ਜਿੰਦਾ ਰੱਖੇਗੀ। ਆਪਣੇ ਤਿੰਨ ਦਹਾਕਿਆਂ ਲੰਮੇ ਫ਼ਿਲਮੀ ਸਫ਼ਰ ਦੌਰਾਨ ਮਿਹਰ ਮਿੱਤਲ ਨੇ ਇੱਨ੍ਹਾਂ ਸੌ ਤੋਂ ਵੱਧ ਫ਼ਿਲਮਾਂ ਵਿਚ ਕੰਮ ਕਰਕੇ ਇੱਕ ਰਿਕਾਰਡ ਬਣਾਇਆ। ਇਹ ਅਜਿਹਾ ਵਕਤ ਸੀ ਜਦੋਂ ਮੇਹਰ ਮਿੱਤਲ ਤੋਂ ਬਿਨਾਂ ਫਿਲਮ ਅਧੂਰੀ ਮੰਨੀ ਜਾਂਦੀ ਸੀ। ਇੰਨ੍ਹਾਂ ਦਿਨਾਂ ਦੌਰਾਨ ਕੁੱਝ ਲੋਕਾਂ ਨੇ ਮਿਹਰ ਮਿੱਤਲ ਤੋਂ ਬਗੈਰ ਫਿਲਮਾਂ ਬਣਾਈਆਂ ਜੋ ਸਫਲਤਾ ਦੇ ਝੰਡੇ ਨਾ ਗੱਡ ਸਕੀਆਂ।
ਉਨ੍ਹਾਂ ਦਿਨਾਂ ’ਚ ਇਸ ਹਾਸਰਸ ਕਲਾਕਾਰ ਦਾ ਜਾਦੂ ਦਰਸ਼ਕਾਂ ਸਿਰ ਐਨਾ ਚੜ੍ਹਕੇ ਬੋਲਦਾ ਕਿ ਖਿੜਕੀਆਂ ਖੁੱਲ੍ਹਣ ਤੋਂ ਪਹਿਲਾਂ ਹੀ ਟਿਕਟਾਂ ਲੈਣ ਵਾਲਿਆਂ ਦੀਆਂ ਕਤਾਰਾਂ ਲੱਗ ਜਾਂਦੀਆਂ ਸਨ। ਮੇਹਰ ਮਿੱਤਲ ਨੂੰ ਤਾਂ ਇਹ ਮਾਣ ਵੀ ਹਾਸਲ ਹੈ ਕਿ ਉਸ ਦੀਆਂ ਕਈ ਫਿਲਮਾਂ ਦੀਆਂ ਟਿਕਟਾਂ ਕਈ ਕਈ ਦਿਨ ਬਲੈਕ ’ਚ ਵਿਕਦੀਆਂ ਰਹੀਆਂ ਸਨ। ਮੇਹਰ ਮਿੱਤਲ ਜਨਮ ਜਿਲ੍ਹਾ ਬਠਿੰਡਾ ਦੇ ਪਿੰਡ ਚੱੁਘੇ ਖੁਰਦ ਵਿਖੇ ਪਿਤਾ ਠਾਕਰ ਮੱਲ ਤੇ ਮਾਤਾ ਗੰਗਾ ਦੇਵੀ ਦੇ ਘਰ 20 ਸਤੰਬਰ,1934 ਨੂੰ ਹੋਇਆ ਸੀ। ਮੇਹਰ ਮਿੱਤਲ ਹੋਰੀਂ ਸੱਤ ਭਰਾ ਅਤੇ ਉਨ੍ਹਾਂ ਦੇ ਦੋ ਭੈਣਾਂ ਸਨ। ਮੇਹਰ ਮਿੱਤਲ ਨੇ ਸ਼ੁਰੂਆਤੀ ਸਿੱਖਿਆ ਬਠਿੰਡਾ ਤੋਂ ਹਾਸਲ ਕੀਤੀ । ਉਨ੍ਹਾਂ ਬੁਢਲਾਡਾ ਵਿਖੇ ਪ੍ਰਾਇਮਰੀ ਟੀਚਰ ਵਜੋਂ ਵੀ ਸੇਵਾ ਨਿਭਾਈ ਪਰ ਬਾਅਦ ‘ਚ ਐਲ.ਐਲ.ਬੀ ਕਰਕੇ ਆਮਦਨ ਕਰ ਦੇ ਵਕੀਲ ਦੇ ਤੌਰ ਤੇ ਵੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਜੋ ਸਫਲ ਰਹੀ ।
ਪ੍ਰੀਵਾਰ ਨੇ ਆਪਣੀ ਕਬੀਲਦਾਰੀ ਨਜਿੱਠਣ ਦੇ ਫਰਜ਼ ਨੂੰ ਪੂਰਾ ਕਰਦਿਆਂ ਮੇਹਰ ਮਿੱਤਲ ਦਾ ਵਿਆਹ ਅਬੋਹਰ ਦੀ ਸੁਦੇਸ਼ ਨਾਲ ਕਰ ਦਿੱਤਾ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਘਰ ਚਾਰ ਧੀਆਂ ਨੇ ਜਨਮ ਲਿਆ ਜਿੰਨ੍ਹਾਂ ਚੋਂ ਇੱਕ ਲੜਕੀ ਮੁੰਬਈ ਵਿਖੇ ਰਹਿ ਰਹੀ ਹੈ ਜਦੋਂ ਕਿ ਤਿੰਨ ਧੀਆਂ ਚੰਡੀਗੜ੍ਹ ਵਸ ਗਈਆਂ ਹਨ।
ਮਿੱਤਲ ਆਪਣੀਆਂ ਧੀਆਂ ਨੂੰ ਰੱਜ ਕੇ ਪਿਆਰ ਕਰਦੇ ਸਨ ਤੇ ਉਨ੍ਹਾਂ ਨੂੰ ਪੁੱਤਰ ਦੀ ਘਾਟ ਕਦੇ ਵੀ ਨਹੀਂ ਰੜਕੀ ਸੀ। ਮੇਹਰ ਮਿੱਤਲ ਦੀ ਪਤਨੀ ਸੁਦੇਸ਼ ਮਿੱਤਲ ਦਾ ਕਰੀਬ 15 ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਮੇਹਰ ਮਿੱਤਲ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ ਤੇ ਉਹ ਥੀਏਟਰ ਵੀ ਕਰਦਾ ਰਿਹਾ ਹੈ। ਮੇਹਰ ਮਿੱਤਲ ਨੂੰ ਫਿਲਮਾਂ ‘ਚ ਲਿਆਉਣ ਦਾ ਸਿਹਰਾ ਪੰਜਾਬੀ ਕਲਾ ਜਗਤ ਦੀਆਂ ਦੋ ਅਹਿਮ ਹਸਤੀਆਂ ਲੇਖਕ ਇੰਦਰਜੀਤ ਹਸਨਪੁਰੀ ਤੇ ਪੰਜਾਬੀ ਡਰਾਮਾ ਦੇ ਮੰਨੇ ਪ੍ਰਮੰਨੇ ਕਲਾਕਾਰ ਭਾਗ ਸਿੰਘ ਨੂੰ ਜਾਂਦਾ ਹੈ।
ਇਹ ਦੋਵੇਂ ਫਿਲਮ ‘ਤੇਰੀ ਮੇਰੀ ਇਕ ਜਿੰਦੜੀ’ ਬਣਾ ਰਹੇ ਸਨ। ਉਨ੍ਹਾਂ ਨੇ ਮੇਹਰ ਮਿੱਤਲ ਦੀ ਅਦਾਕਾਰੀ ਨੂੰ ਦੇਖਦਿਆਂ ਇਸ ਫਿਲਮ ‘ਚ ਉਸ ਨੂੰ ‘ਹੰਸੂ’ ਨਾਮਕ ਨੌਜਵਾਨ ਦਾ ਕਿਰਦਾਰ ਦਿੱਤਾ ਜਿਸ ਨੂੰ ਉਸ ਨੇ ਸਫਲਤਾਪੂਰਵਕ ਨਿਭਾਕੇ ਫਿਲਮਾਂ ਦੀ ਦੁਨੀਆਂ ’ਚ ਇੱਕਦਮ ਆਪਣਾ ਇੱਕ ਮੁਕਾਮ ਬਣਾ ਲਿਆ। ਇਸ ਫ਼ਿਲਮ ਦੇ ਡਾਇਲਾਗ ‘ਉਡਾ ਤੇ ਤੋਤੇ ਪਾ ਤੇ ਮੋਛੇ ਅਤੇ ‘ਹੈਂਕਨਾਂ’ ਦਰਸ਼ਕਾਂ ’ਚ ਐਨੇ ਜਿਆਦਾ ਮਕਬੂਲ ਹੋਏ ਕਿ ਲੋਕ ਮੇਹਰ ਮਿੱਤਲ ਵਾਂਗ ਬੋਲਣ ਲੱਗ ਪਏ।
ਆਪਣੇ ਫਿਲਮੀ ਸਫਰ ਦੌਰਾਨ ਮੇਹਰ ਮਿੱਤਲ ਅਮਰੀਕਾ ਕੈਨੇਡਾ, ਯੂ.ਕੇ., ਬੈਲਜੀਅਮ, ਹਾਲੈਂਡ, ਇਟਲੀ, ਫਰਾਂਸ, ਸਿੰਗਾਪੁਰ, ਬੈਂਕਾਕ, ਆਸਟਰੇਲੀਆ, ਨਿਊਜ਼ੀਲੈਂਡ, ਦੁਬਈ, ਮਸਕਟ, ਬਹਿਰੀਨ ਗਿਆ ਜਿੱਥੇ ਪੰਜਾਬੀਆਂ ਨੇ ਉਸ ਨੂੰ ਅੱਖਾਂ ਤੇ ਬਿਠਾਇਆ। ਮਿੱਤਲ ਪ੍ਰੀਵਾਰ ਦੇ ਇੱਕ ਨਜ਼ਦੀਕੀ ਅਨੁਸਾਰ ਉਸ ਦੇ ਮਾਪਿਆਂ ਨੇ ਸ਼ੁਰੂ ‘ਚ ਕਿਸੇ ਮਹਾਜਨ ਪ੍ਰੀਵਾਰ ਦੇ ਲੜਕੇ ਵੱਲੋਂ ਫਿਲਮਾਂ ’ਚ ਜਾਣ ਦਾ ਵਿਰੋਧ ਕੀਤਾ ਪਰ ਜਦੋਂ ਸ਼ੋਹਰਤ ਦੇ ਕਿੱਸੇ ਸੁਣੇ ਤਾਂ ਮਾਪਿਆਂ ਨੇ ਵੀ ਖੁਸ਼ੀਆਂ ਮਨਾਈਆਂ ਸਨ।
ਬੇਸ਼ੱਕ ਹੁਣ ਓਟੀਟੀ ਦਾ ਦੌਰ ’ਚ ਸਿਨੇਮਾ ਦੀ ਮਹੱਤਤਾ ਨਹੀਂ ਰਹੀ ਫਿਰ ਵੀ ਮਿਹਰ ਮਿੱਤਲ ਦੀਆਂ ਕਈ ਫਿਲਮਾਂ ਤਾਂ ਅੱਜ ਵੀ ਦਰਸ਼ਕ ਬੜੇ ਚਾਅ ਨਾਲ ਦੇਖਦੇ ਹਨ। ਹਾਸਰਸ ਦੇ ਇਸ ਬਾਦਸ਼ਾਹ ਦੀ ਬਾਦਸ਼ਾਹਤ ਦਾ ਅੰਦਾਜਾ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ 80 ਦੇ ਦਹਾਕੇ ਦੌਰਾਨ ਜਿਸ ਫਿਲਮ ‘ਚ ਮੇਹਰ ਮਿੱਤਲ ਨਹੀਂ ਸੀ ਉਸ ਫਿਲਮ ਨੇ ਟਿਕਟ ਖਿੜਕੀ ਤੇ ਪਾਣੀ ਵੀ ਨਹੀਂ ਮੰਗਿਆ ਸੀ। ਫਿਲਮ ‘ਤੇਰੀ ਮੇਰੀ ਇਕ ਜਿੰਦੜੀ’,‘ਦੋ ਮਦਾਰੀ’ ਤੇ ‘ਲੌਂਗ ਦਾ ਲਿਸ਼ਕਾਰਾ’ ਵਿੱਚ ਤਾਂ ਉਸ ਦੀ ਅਦਾਕਾਰੀ ਨੇ ਪੰਜਾਬੀ ਫਿਲਮ ਜਗਤ ਨੂੰ ਬੁਲੰਦੀਆਂ ਤੇ ਪਹੰਚਾ ਦਿੱਤਾ ਸੀ। ਵੱਡੀ ਗੱਲ ਹੈ ਕਿ ਮਿਹਰ ਮਿੱਤਲ ਜਿਸ ਕਿਸੇ ਵੀ ਜਨਤਕ ਥਾਂ ਤੇ ਜਾਂਦਾ ਤਾਂ ਉਸ ਨੂੰ ਦੇਖਣ ਵਾਲਿਆਂ ਦੀਆਂ ਭੀੜਾਂ ਲੱਗ ਜਾਂਦੀਆਂ ਸਨ। ਕਈ ਵਾਰ ਤਾਂ ਮੇਹਰ ਮਿੱਤਲ ਦੇ ਪ੍ਰਸੰਸਕਾਂ ਨੂੰ ਕਾਬੂ ਕਰਨਾ ਔਖਾ ਹੋ ਜਾਂਦਾ ਸੀ।
ਇੱਕ ਸੰਸਥਾ ਸੀ ਮੇਹਰ ਮਿੱਤਲ
ਮੇਹਰ ਮਿੱਤਲ ਦੇ ਭਾਣਜੇ ਤੇ ਪੰਜਾਬੀ ਸਾਹਿਤ ਸਭਾ ਦੀ ਕਾਰਜਕਾਰਨੀ ਦੇ ਮੈਂਬਰ ਰਮੇਸ਼ ਗਰਗ ਦਾ ਕਹਿਣਾ ਸੀ ਕਿ ਮੇਹਰ ਮਿੱਤਲ ਆਪਣੇ ਆਪ ਵਿੱਚ ਇੱਕ ਸੰਸਥਾ ,ਪੰਜਾਬੀ ਸਿਨੇਮਾ ਜਗਤ ਅਤੇ ਅਦਾਕਾਰੀ ਦਾ ਸਮੁੰਦਰ ਸਨ। ਉਨ੍ਹਾਂ ਕਿਹਾ ਕਿ ਜੇਕਰ ਮੇਹਰ ਮਿੱਤਲ ਵਕਾਲਤ ਦੀ ਦੁਨੀਆਂ ‘ਚ ਰਹਿੰਦੇ ਤਾਂ ਸ਼ਾਇਦ ਉਨ੍ਹਾਂ ਨੂੰ ਸ਼ੋਹਰਤ ਦਾ ਇਹ ਮੁਕਾਮ ਹਾਸਲ ਨਾ ਹੁੰਦਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬੀ ਸਿਨੇਮਾ ਦੀ ਹੋਂਦ ਹੈ ਮੇਹਰ ਮਿੱਤਲ ਦਾ ਨਾਮ ਬੜੇ ਮਾਣ ਸਨਮਾਨ ਨਾਲ ਲਿਆ ਜਾਂਦਾ ਰਹੇਗਾ।