- ਮੈਨੇਜਰ ਨੇ ਕਿਹਾ ਬਾਵਾ ਦਾ ਸਮਗਲਰ ਨਾਲ ਨਹੀਂ ਹੈ ਕੋਈ ਸਬੰਧ, ਫ਼ੋਟੋ ਇੱਕ ਸ਼ੂਟਿੰਗ ਦੌਰਾਨ ਖਿੱਚੀ ਗਈ
ਲੋਕੇਸ਼ ਰਿਸ਼ੀ
ਗੁਰਦਾਸਪੁਰ, 20 ਨਵੰਬਰ, 2020- ਡਰੱਗ ਸਮਗਲਰ ਗੁਰਦੀਪ ਰਾਣੋ ਨਾਲ ਫ਼ੋਟੋ ਵਾਇਰਲ ਹੋਣ ਅਤੇ ਉਸ ਫ਼ੋਟੋ ਨੂੰ ਅਧਾਰ ਬਣਾ ਕੇ ਬੀ.ਜੇ.ਪੀ ਆਗੂ ਵੱਲੋਂ ਰਣਜੀਤ ਬਾਵਾ ਦੇ ਖ਼ਿਲਾਫ਼ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਗਾਇਕ ਰਣਜੀਤ ਬਾਵਾ ਦੇ ਮੈਨੇਜਰ ਨੇ ਆਪ ਅੱਗੇ ਆ ਕੇ ਨਾ ਸਿਰਫ਼ ਫ਼ੋਟੋ ਦੀ ਸਚਾਈ ਬਿਆਨ ਕੀਤੀ ਬਲਕੀ ਬਾਵਾ ਦਾ ਨਾਮ ਡਰੱਗ ਸਮਗਲਰ ਨਾਲ ਜੋੜਨ ਦੀ ਘਟਨਾ ਨੂੰ ਪੂਰੀ ਤਰਾਂ ਸਿਆਸਤ ਤੋਂ ਪ੍ਰੇਰਿਤ ਹੋ ਕੇ ਬਾਵਾ ਨੂੰ ਬਦਨਾਮ ਕਰਨ ਲਈ ਚੱਲੀ ਗਈ ਸਿਆਸੀ ਚਾਲ ਵੀ ਕਰਾਰ ਦਿੱਤਾ।
ਉਪਰੋਕਤ ਮਾਮਲੇ ਸਬੰਧੀ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਨੇ ਬਾਵਾ ਦੇ ਰਣੋ ਜਾਂ ਕਿਸੇ ਵੀ ਹੋਰ ਤਸਕਰ ਨਾਲ ਕੋਈ ਸਬੰਧ ਨਾ ਹੋਣ ਦੀ ਗੱਲ ਕਹੀ। ਮੈਨੇਜਰ ਵੋਹਰਾ ਨੇ ਕਿਹਾ ਕਿ ਇਹ ਫ਼ੋਟੋ 3 ਮਹੀਨੇ ਪੁਰਾਣੀ ਅਤੇ ਸ਼ੂਟਿੰਗ ਦੇ ਦਰਮਿਆਨ ਖਿੱਚੀ ਗਈ ਸੀ। ਨਾ ਕਿ ਕਿਸੇ ਨਿੱਜੀ ਸਬੰਧ ਜਾਂ ਜਾਣਕਾਰ ਦੇ ਨਾਤੇ।
ਉਨ੍ਹਾਂ ਦੱਸਿਆ ਕਿ ਬੀਤੇ 3 ਮਹੀਨੇ ਪਹਿਲਾਂ ਬਾਵਾ ਪਟਿਆਲਾ ਵਿਖੇ ਆਪਣੇ ਇੱਕ ਗੀਤ ਦੀ ਸ਼ੂਟਿੰਗ ਕਰ ਰਹੇ ਸਨ ਅਤੇ ਉਸੇ ਸ਼ੂਟਿੰਗ ਵਾਸਤੇ ਗਾਣੇ ਦੇ ਡਾਇਰੈਕਟਰ ਵੱਲੋਂ ਪਟਿਆਲਾ ਵਿਖੇ ਜੋ ਫਾਰਮ ਹਾਊਸ ਬੁੱਕ ਕੀਤਾ ਗਿਆ ਸੀ। ਉਹ ਇਤਫ਼ਾਕਨ ਸਾਬਕਾ ਅਕਾਲੀ ਸਰਪੰਚ ਅਤੇ ਡਰੱਗ ਸਮਗਲਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਗੁਰਦੀਪ ਸਿੰਘ ਰਾਣੋ ਦਾ ਸੀ।
ਮੈਨੇਜਰ ਵੋਹਰਾ ਨੇ ਅੱਗੋਂ ਦੱਸਿਆ ਕਿ ਰਣਜੀਤ ਬਾਵਾ ਦੀ ਰਾਣੋ ਨਾਲ ਇਹ ਫ਼ੋਟੋ ਵੀ ਉਸੇ ਸ਼ੂਟਿੰਗ ਦੌਰਾਨ ਹੀ ਖਿੱਚੀ ਗਈ ਸੀ ਅਤੇ ਇਹ ਫ਼ੋਟੋ ਬਤੌਰ ਇੱਕ ਕਲਾਕਾਰ ਅਤੇ ਉਸ ਦੇ ਫੈਨ ਵਜੋਂ ਖਿਚਵਾਈ ਗਈ ਸੀ। ਉਨ੍ਹਾਂ ਕਿਹਾ ਕਿ ਰਣਜੀਤ ਬਾਵਾ ਇੱਕ ਬੁਲੰਦੀਆਂ ਤੇ ਪਹੁੰਚ ਚੁੱਕੇ ਕਲਾਕਾਰ ਹੋਣ ਦੇ ਨਾਲ ਨਾਲ ਇੱਕ ਸੁਲਝੇ ਹੋਏ ਇਨਸਾਨ ਵੀ ਹਨ ਅਤੇ ਇਸੇ ਕਾਰਨ ਬਾਵਾ ਵੱਲੋਂ ਆਪਣੇ ਪ੍ਰਸ਼ੰਸਕ ਨੂੰ ਫ਼ੋਟੋ ਖਿਚਵਾਉਣ ਤੋਂ ਨਾਂਹ ਨਹੀਂ ਕੀਤੀ ਗਈ। ਪਰ ਇਸ ਦਾ ਮਤਲਬ ਇਹ ਨਹੀਂ ਕੱਢਿਆ ਜਾ ਸਕਦਾ ਕਿ ਬਾਵਾ ਦੇ ਕਿਸੇ ਵੀ ਨਸ਼ਾ ਤਸਕਰ ਨਾਲ ਨਿੱਜੀ ਸਬੰਧ ਹਨ।
ਮੈਨੇਜਰ ਵੋਹਰਾ ਨੇ ਦੱਸਿਆ ਕਿ ਬਾਵਾ ਅੱਜ ਕੱਲ੍ਹ ਕਿਸਾਨ ਅੰਦੋਲਨਾਂ ਨੂੰ ਸਮਰਥਨ ਕਰ ਰਹੇ ਹਨ ਅਤੇ ਵੱਖ ਵੱਖ ਅੰਦੋਲਨਕਾਰੀਆਂ ਕੋਲ ਪਹੁੰਚ ਕੇ ਉਨ੍ਹਾਂ ਦੇ ਹੱਕ ਦੀ ਲੜਾਈ ਲੜਨ ਵਿੱਚ ਸਪੋਰਟ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤੋਂ ਖਾ ਹੋ ਕੇ ਕੁੱਝ ਰਾਜਨੀਤਿਕ ਲੋਕ ਗੰਦੀ ਰਾਜਨੀਤੀ ਤੋਂ ਪ੍ਰੇਰਿਤ ਚਾਲਾਂ ਚੱਲ ਕੇ ਬਾਵਾ ਦਾ ਨਾਮ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਵਾ ਖ਼ਿਲਾਫ਼ ਰਚੀਆਂ ਜਾਣ ਵਾਲੀਆਂ ਸਾਜ਼ਿਸ਼ਾਂ ਵਿੱਚ ਇੱਕ ਭਾਜਪਾ ਆਗੂ ਵੱਲੋਂ ਈ.ਡੀ ਵਿਭਾਗ ਨੂੰ ਬਾਵਾ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ। ਇਹ ਸ਼ਿਕਾਇਤ ਉਸ ਫ਼ੋਟੋ ਨੂੰ ਅਧਾਰ ਬਣਾ ਕੇ ਦਿੱਤੀ ਗਈ ਹੈ ਜੋ ਸਿਰਫ਼ ਇੱਕ ਕਲਾਕਾਰ ਅਤੇ ਫੈਨ ਵਜੋਂ ਖਿੱਚੀ ਗਈ ਸੀ।
ਮੈਨੇਜਰ ਵੋਹਰਾ ਨੇ ਦੱਸਿਆ ਕਿ ਰਣਜੀਤ ਬਾਵਾ ਈ.ਡੀ ਵਿਭਾਗ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰਨਗੇ ਅਤੇ ਆਉਂਦੇ ਸਮੇਂ ਦੌਰਾਨ ਬਾਵਾ ਦੇ ਖ਼ਿਲਾਫ਼ ਸ਼ਿਕਾਇਤ ਕਰਨ ਵਾਲੇ ਭਾਜਪਾ ਆਗੂ ਦੇ ਖ਼ਿਲਾਫ਼ ਵੀ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।