ਹਰਜੀਤ ਸਿੰਘ ਗਰੇਵਾਲ ਨੂੰ 'ਸਿੱਖ ਅਚੀਵਰਜ਼ ਐਵਾਰਡ' ਮਿਲਣਾ ਮਾਣ ਵਾਲੀ ਗੱਲ
'ਸੇਵਾ ਐਵਾਰਡ’ ਤੇ 'ਪੰਜਾਬ ਸਟੇਟ ਐਵਾਰਡ' ਨਾਲ ਪਹਿਲਾ ਕੀਤੇ ਜਾ ਚੁੱਕੇ ਨੇ ਸਨਮਾਨਿਤ
ਰੂਪਨਗਰ, 4 ਮਈ 2024 : ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਤੇ ਐਸੋਸੀਏਸ਼ਨ ਦੇ ਸਮੂਹ ਆਹੁਦੇਦਾਰਾਂ ਵੱਲੋਂ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸੰਯੁਕਤ ਡਾਇਰੈਕਟਰ ਅਤੇ ਵਰਲਡ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਨੂੰ ਬੀਤੇ ਦਿਨ ਮੁੰਬਈ ਸਥਿਤ ਸ਼੍ਰੀ ਸ਼ਨਮੁਖਾਨੰਦ ਚੰਦਰਸ਼ੇਖਰੇਂਦਰ ਸਰਸਵਤੀ ਆਡੀਟੋਰੀਅਮ ਵਿਖੇ ਕਰਵਾਏ ਇੱਕ ਵੱਕਾਰੀ ਸਮਾਗਮ ਦੌਰਾਨ ‘ਸਿੱਖ ਅਚੀਵਰਜ਼ ਐਵਾਰਡ’ ਨਾਲ ਨਿਵਾਜਣ ਉਤੇ ਮੁਬਾਰਕਬਾਦ ਦਿੱਤੀ ਗਈ ਹੈ।
ਬੀਬੀ ਮਨਜੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਦੁਬਈ ਵਿਖੇ ‘ਸੇਵਾ ਐਵਾਰਡ’ ਅਤੇ ਪੰਜਾਬ ਸਰਕਾਰ ਵੱਲੋਂ 'ਸਟੇਟ ਐਵਾਰਡ' ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਤਿ ਸ੍ਰੀ ਅਕਾਲ ਚੈਰੀਟੇਬਲ ਟਰੱਸਟ ਮੁੰਬਈ ਦੁਆਰਾ ਕਰਵਾਏ ਇਸ ਸਲਾਨਾ ਸਮਾਗਮ ਵਿੱਚ ਉਨ੍ਹਾਂ ਸੱਤ ਉੱਘੇ ਸਿੱਖਾਂ ਨੂੰ ਬਿਹਤਰੀਨ ਸਮਾਜਿਕ ਯੋਗਦਾਨ ਪਾਉਣ ਬਦਲੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਸਮਾਜ ਨੂੰ ਨਿਰਸਵਾਰਥ ਮਹੱਤਵਪੂਰਨ ਦੇਣ ਦਿੱਤੀ ਹੈ ਅਤੇ ਸ. ਹਰਜੀਤ ਸਿੰਘ ਗਰੇਵਾਲ, ਉਨ੍ਹਾਂ ਵਿੱਚੋਂ ਇੱਕ ਸਨ।
ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਭਾਉਵਾਲ ਨੇ ਦੱਸਿਆ ਕਿ ਟਰੱਸਟ ਦੇ ਚੇਅਰਮੈਨ ਪੂਰਨ ਸਿੰਘ ਬਾਂਗਾ ਦੁਆਰਾ ਦਿੱਤਾ ਸਨਮਾਨ ਗਰੇਵਾਲ ਸਾਹਿਬ ਨੂੰ ਸਮਾਜ ਸੇਵਾ ਦੇ ਕੰਮਾਂ ਨੂੰ ਵਧ-ਚੜ੍ਹ ਕੇ ਕਰਨ ਲਈ ਪ੍ਰਤੀਬੱਧਤਾ, ਜ਼ਿੰਮੇਵਾਰੀ ਵਿੱਚ ਹੋਰ ਵਾਧਾ ਕਰਨ ਅਤੇ ਗੱਤਕੇ ਪ੍ਰਤੀ ਭਵਿੱਖੀ ਯਤਨਾਂ ਨੂੰ ਹੋਰ ਅੱਗੇ ਵਧਾਉਣ ਲਈ ਪ੍ਰੇਰਿਤ ਕਰਦਾ ਰਹੇਗਾ।
ਜਰਨਲ ਸਕੱਤਰ ਗੁਰਵਿੰਦਰ ਸਿੰਘ ਕਾਕੂ ਨੇ ਦੱਸਿਆ ਕਿ ਗੱਤਕਾ ਪ੍ਰੋਮੋਟਰ ਹਰਜੀਤ ਸਿੰਘ ਗਰੇਵਾਲ ਇਸ ਵਿਰਾਸਤੀ ਸਿੱਖ ਮਾਰਸ਼ਲ ਆਰਟ ਅਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁੱਲਤ ਕਰਨ ਅਤੇ ਸੰਭਾਲਣ ਪ੍ਰਤੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਵਜੋਂ ਉਨ੍ਹਾਂ ਦੀ ਅਗਵਾਈ ਹੇਠ ਗੱਤਕਾ ਖੇਡ ਨੂੰ ਨੈਸ਼ਨਲ ਸਕੂਲ ਗੇਮਜ਼, ਆਲ ਇੰਡੀਆ ਇੰਟਰ-ਯੂਨੀਵਰਸਿਟੀ ਗੱਤਕਾ ਟੂਰਨਾਮੈਂਟ, ਖੇਲੋ ਇੰਡੀਆ ਯੂਥ ਗੇਮਜ਼ ਅਤੇ ਨੈਸ਼ਨਲ ਖੇਡਾਂ ਸਮੇਤ ਵੱਖ-ਵੱਖ ਖੇਡਾਂ ਵਿੱਚ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਮਾਨਤਾ ਦਿਵਾਈ ਗਈ ਹੈ।
ਜਸਪ੍ਰੀਤ ਸਿੰਘ ਲੋਦੀ ਮਾਜਰਾ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਹਰਜੀਤ ਸਿੰਘ ਗਰੇਵਾਲ ਜੀ ਦੀਆਂ ਪਹਿਲਕਦਮੀਆਂ ਨੇ ਗੱਤਕੇ ਨੂੰ ਪੰਜਾਬ ਖੇਡ ਵਿਭਾਗ ਦੀ ਗ੍ਰੇਡੇਸ਼ਨ ਸੂਚੀ ਵਿੱਚ ਸ਼ਾਮਲ ਕਰਵਾਇਆ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਾਠਕ੍ਰਮ ਵਿੱਚ ਗੱਤਕੇ ਬਾਰੇ ਇੱਕ ਪਾਠ ਸ਼ਾਮਲ ਕਰਵਾਇਆ। ਉਹ ਗੱਤਕਾ ਖੇਡ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਦ੍ਰਿੜ ਹਨ ਅਤੇ ਗੱਤਕੇ ਨੂੰ ਪੜਾਅਵਾਰ ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਬਾਅਦ ਵਿੱਚ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਾਉਣ ਦੀ ਯੋਜਨਾ ਹੈ।
ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਰੂਪਨਗਰ ਅਤੇ ਜਸਵੀਰ ਸਿੰਘ ਘਨੌਲੀ ਨੇ ਵੀ ਇਸ ਮਾਣਮੱਤੀ ਪ੍ਰਾਪਤੀ ਲਈ ਗਰੇਵਾਲ ਸਾਹਿਬ ਨੂੰ ਮੁਬਾਰਕਬਾਦ ਦਿੱਤੀ।