ਅਕਾਲੀ-ਭਾਜਪਾ ਇੱਕੇ ਹੀ ਸਿੱਕੇ ਦੇ ਦੋ ਪਹਿਲੂ : ਉਦੇਵੀਰ ਢਿੱਲੋਂ
ਵੱਖ-ਵੱਖ ਵਾਰਡਾਂ 'ਚ ਮੀਟਿੰਗਾਂ ਨੂੰ ਕੀਤਾ ਸੰਬੋਧਨ
ਮਲਕੀਤ ਸਿੰਘ ਮਲਕਪੁਰ
ਲਾਲੜੂ 23 ਮਈ 2024: ਜਦੋਂ ਇਸ ਸਮੇਂ ਦੇਸ਼ ਵਿੱਚ ਸੰਵਿਧਾਨ ਤੇ ਦੇਸ਼ ਬਚਾਉਣ ਲਈ ਸੰਘਰਸ਼ ਹੋ ਰਿਹਾ ਹੈ ਤਾਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਇਹ ਸਪੱਸ਼ਟ ਕਰੇ ਕਿ ਉਹ ਇਸ ਲੜਾਈ ਵਿੱਚ ਦੇਸ਼ ਤੇ ਸੰਵਿਧਾਨ ਬਚਾਉਣ ਵਾਲਿਆਂ ਨਾਲ ਹੈ ਜਾਂ ਦੇਸ਼ ਨੂੰ ਧਰਮ ਦੇ ਆਧਾਰ ਉਤੇ ਵੰਡਣ ਵਾਲਿਆਂ ਨਾਲ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਤੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਨੇ ਲਾਲੜੂ ਦੇ ਵੱਖ-ਵੱਖ ਵਾਰਡਾਂ ਵਿੱਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਦੇਵੀਰ ਨੇ ਕਿਹਾ ਕਿ ਇਸ ਸਮੇਂ ਅਕਾਲੀ ਦਲ ਜਿੱਥੇ ਹਾਸ਼ੀਏ ਉਤੇ ਪਹੁੰਚ ਚੁੱਕਾ ਹੈ, ਉੱਥੇ ਹੀ ਦੋ ਸਾਲਾਂ ਵਿੱਚ ਹੀ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਿਆ ਹੈ ਜਦਕਿ ਭਾਜਪਾ ਵਾਲੇ ਪੰਜਾਬ ਦੇ ਕਿਸਾਨਾਂ ਨਾਲ ਗੱਦਾਰੀ ਕਰ ਕੇ ਆਪਣਾ ਨਾਮ ਇਤਿਹਾਸ ਦੇ ਮੰਦੇ ਪੰਨਿਆਂ ਵਿੱਚ ਦਰਜ਼ ਕਰਵਾ ਰਹੇ ਹਨ।ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਇੱਕੇ ਹੀ ਸਿੱਕੇ ਦੇ ਦੋ ਪਹਿਲੂ ਹਨ ਤੇ ਉਹ ਕਿਸੇ ਵੇਲੇ ਵੀ ਇਕੱਠੇ ਹੋ ਕੇ ਪੰਜਾਬ ਦੀ ਬਰਬਾਦੀ ਦਾ ਕਾਰਨ ਬਣ ਸਕਦੇ ਹਨ। ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਕਿਹਾ ਕਿਹਾ ਕਿ ਬਦਲਾਅ ਦਾ ਨਾਅਰਾ ਦੇਣ ਵਾਲੇ ਹੁਣ ਲੋਕਾਂ ਨੂੰ ਲੱਭ ਹੀ ਨਹੀਂ ਰਹੇ ਹਨ ਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੰਮ-ਕਾਰ ਰੁਕ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਸੁਸ਼ੀਲ ਮਗਰਾ,ਯੁਗਵਿੰਦਰ ਰਾਠੌਰ, ਧਰਮਿੰਦਰ ਕੁਮਾਰ, ਜਗਤਾਰ ਰਾਠੀ, ਬਲਕਾਰ ਸਿੰਘ ਲਾਲੜੂ, ਮਨੀਸ਼ ਕੁਮਾਰ, ਪ੍ਰੇਮ ਕੁਮਾਰ ਸੋਢੀ, ਕ੍ਰਿਸ਼ਨ ਕੁਮਾਰ ਗੁਪਤਾ, ਰਣਦੀਪ ਰਾਣਾ ਨਗਲਾ,ਪ੍ਰਤਾਪ ਰਾਣਾ ਖੇਲਣ,ਦੀਪਕ ਰਾਣਾ,ਭੁਪਿੰਦਰ ਸ਼ਰਮਾ, ਸ਼ਰਨਜੀਤ ਸਵਾਮੀ,ਅਸ਼ੋਕ ਰਾਣਾ ਤੇ ਹੋਰ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।