ਚੋਣਾਂ ਦੇ ਮੱਦੇਨਜ਼ਰ ਈ.ਵੀ.ਐੱਮ. ਮਸ਼ੀਨਾਂ ਦੀ ਕੀਤੀ ਕਮੀਸ਼ਨਿੰਗ
ਪ੍ਰਮੋਦ ਭਾਰਤੀ
ਬਲਾਚੌਰ , 23 ਮਈ 2024 : ਜਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਅਤੇ ਐੱਸ.ਡੀ. ਐੱਮ. ਬਲਾਚੌਰ-ਕਮ- ਸਹਾਇਕ ਚੋਣ ਅਫ਼ਸਰ ਰਵਿੰਦਰ ਬਾਂਸਲ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ 'ਚ ਵਰਤੀਆਂ ਜਾਣ ਵਾਲੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਦੀ ਕਮੀਸ਼ਨਿੰਗ ਕੀਤੀ ਗਈ। ਇਸ ਮੌਕੇ ਪਹਿਲੇ ਗੇੜ ਦੀ ਚੈਕਿੰਗ ਦੌਰਾਨ ਬਲਾਚੌਰ ਹਲਕੇ ਦੇ 197 ਪੋਲਿੰਗ ਬੂਥਾਂ ਲਈ ਲੋੜੀਂਦੀਆਂ ਵੋਟਿੰਗ ਮਸ਼ੀਨਾਂ ਦੇ ਕੰਟਰੋਲ ਯੂਨਿਟ, ਬੈਲੇਟਿੰਗ ਯੂਨਿਟ ਅਤੇ ਵੀ.ਵੀ.ਪੈਟ. ਯੂਨਿਟਾਂ ਦੇ ਠੀਕ ਢੰਗ ਨਾਲ ਕੰਮ ਕਰਨ ਸਬੰਧੀ ਜਾਂਚ ਕੀਤੀ ਗਈ। ਇਸ ਮੌਕੇ ਵਿਕਾਸ ਸ਼ਰਮਾ ਤਹਿਸੀਲਦਾਰ ਬਲਾਚੌਰ ਦੀ ਨਿਗਰਾਨੀ ਹੇਠ ਭਾਰਤ ਇਲੈਕਟ੍ਰਾਨਿਕਸ ਲਿਮਿ: ਦੇ ਇੰਜੀਨੀਅਰ ਅਜੈ ਕੁਮਾਰ ਤੇ ਨਿਹਾਲ ਵਲੋਂ ਵੀ.ਵੀ.ਪੈਟ. ਵਿੱਚ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਲੋਡ ਕੀਤੇ ਗਏ। ਜਾਣਕਾਰੀ ਦਿੰਦਿਆਂ ਤਹਿਸੀਲਦਾਰ ਵਿਕਾਸ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕੁੱਲ 28 ਉਮੀਦਵਾਰ ਚੋਣ ਲੜ ਰਹੇ ਹਨ, ਇਸ ਲਈ ਬੈਲਟ ਯੂਨਿਟ ਤੇ 'ਨੋਟਾ' ਸਮੇਤ 29 ਚੋਣ ਨਿਸ਼ਾਨ ਹੋਣ ਕਾਰਨ ਹਰੇਕ ਕੰਟਰੋਲ ਯੂਨਿਟ ਨਾਲ ਦੋ ਬੈਲੇਟਿੰਗ ਯੂਨਿਟ ਜੋੜੇ ਜਾਣਗੇ।
ਉਹਨਾਂ ਦੱਸਿਆ ਕਿ ਉਮੀਦਵਾਰਾਂ ਦੇ ਚੋਣ ਏਜੰਟਾਂ ਦੀ ਹਾਜ਼ਰੀ ਵਿੱਚ 187 ਵੋਟਿੰਗ ਮਸ਼ੀਨਾਂ ਵਿੱਚ ਹਰੇਕ ਉਮੀਦਵਾਰ ਨੂੰ ਇੱਕ-ਇੱਕ ਵੋਟ ਪਾ ਕੇ ਦਿਖਾਈ ਜਾਵੇਗੀ ਤੇ 10 ਵੋਟਿੰਗ ਮਸ਼ੀਨਾਂ ਵਿੱਚ ਇੱਕ ਹਜ਼ਾਰ ਵੋਟ ਪੋਲ ਕਰਵਾ ਕੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਵੋਟਿੰਗ ਮਸ਼ੀਨਾਂ ਠੀਕ ਢੰਗ ਨਾਲ ਕੰਮ ਕਰ ਰਹੀਆਂ ਹਨ। ਇਸ ਤੋਂ ਬਾਅਦ ਵੋਟਿੰਗ ਮਸ਼ੀਨਾਂ ਦੀ ਮੈਮੋਰੀ ਕਲੀਅਰ ਕਰ ਦਿੱਤੀ ਜਾਵੇਗੀ ਤੇ ਵੋਟਿੰਗ ਮਸ਼ੀਨਾਂ ਸੀਲ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਉਹਨਾਂ ਨਾਲ ਰਵਿੰਦਰ ਸਿੰਘ ਨਾਇਬ ਤਹਿਸੀਲਦਾਰ, ਹਰਵਿੰਦਰ ਸਿੰਘ ਸੁਪਰਡੈਂਟ, ਗੁਰਜੰਟ ਸਿੰਘ, ਅਮਨਦੀਪ ਸਿੰਘ ਸੀ.ਐੱਚ.ਟੀ., ਮਾ: ਨਾਗੇਸ਼ ਕੁਮਾਰ, ਪ੍ਰਿੰਸੀਪਲ ਚੰਦਰੇਸ਼ ਸ਼ੌਰੀ, ਡਾ: ਨਿਤੀਨ ਕੁਮਾਰ, ਡਾ: ਵਿਜੈ ਮੈਹਸ਼ੀ, ਕਮਲਜੀਤ ਸਿੰਘ, ਧੀਰਜ ਕੁਮਾਰ, ਜਸਵਿੰਦਰ ਸਿੰਘ ਸਟੈਨੋ, ਸੁਖਵਿੰਦਰ ਸਿੰਘ, ਵਿਕਾਸ ਰਾਣਾ, ਵਿਜੈ ਕੁਮਾਰ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।