ਜੀਤਮਹਿੰਦਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਦੀ ਆਮਦ ਮੌਕੇ ਛੋਟੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਪ੍ਰੇਸ਼ਾਨ ਕਰਨ ਦੀ ਕੀਤੀ ਨਿਖ਼ੇਧੀ
ਕਿਹਾ, ਝੂਠੇ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਆਪ ਦੀ ਅਸਲੀਅਤ ਆਈ ਸਾਹਮਣੇ
ਮਾਨਸਾ/ਮੋੜ, 22 ਮਈ: ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੌਂ ਬੁੱਧਵਾਰ ਨੂੰ ਮਾਨਸਾ ਤੇ ਮੋੜ ਆਦਿ ਖੇਤਰਾਂ ਵਿਚ ਕੱਢੇ ਰੋਡ ਸੋਅ ਦੌਰਾਨ ਆਮ ਲੋਕਾਂ, ਛੋਟੇ ਦੁਕਾਨਦਾਰ ਤੇ ਵਪਾਰੀਆਂ ਨੂੰ ਤੰਗ ਕਰਨ ਦੀ ਸਖ਼ਤ ਸਬਦਾਂ ਵਿਚ ਨਿਖੇਧੀ ਕੀਤੀ ਹੈ।
ਇੱਥੇ ਜਾਰੀ ਇੱਕ ਬਿਆਨ ਵਿਚ ਉਨ੍ਹਾਂ ਕਿਹਾ, ‘‘ਝੂਠੇ ਬਦਲਾਅ ਦਾ ਨਾਅਰਾ ਦੇ ਕੇ ਆਈ ਆਮ ਆਦਮੀ ਪਾਰਟੀ ਦੀ ਅਸਲੀਅਤ ਹੁਣ ਲੋਕਾਂ ਦੇ ਸਾਹਮਣੇ ਆ ਗਈ ਹੈ ਕਿ ਕਿਸ ਤਰ੍ਹਾਂ ਆਮ ਤੋਂ ਖ਼ਾਸ ਬਣੇ ਇਹ ਝਾੜੂ ਪਾਰਟੀ ਦੇ ਆਗੂ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ’’ ਸਿੱਧੂ ਨੇ ਕਿਹਾ ਕਿ ਪੁਲਿਸ ਦੀ ਮੱਦਦ ਨਾਲ ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਤੋਂ ਇਲਾਵਾ ਆਮ ਲੋਕਾਂ ਨੂੰ ਤੰਗ ਕਰਕੇ ਕੱਢੇ ਇਹ ਰੋਡ ਸੋਅ ਇਸ ਪਾਰਟੀ ਦੇ ਕਫ਼ਨ ਵਿਚ ਆਖ਼ਰੀ ਕਿੱਲ ਸਾਬਤ ਹੋਣਗੇ।
ਕਾਂਗਰਸੀ ਉਮੀਦਵਾਰ ਨੇ ਇਸ ਅਖੌਤੀ ਬਦਲਾਅ ਕਾਰਨ ਦੁਖੀ ਹੋਏ ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਨਾਲ ਖੜ੍ਹਣ ਦਾ ਐਲਾਨ ਕਰਦਿਆਂ ਕਿਹਾ , ‘‘ ਇਹ ਮੁੱਖ ਮੰਤਰੀ ਅਤੇ ਇੱਥੋਂ ਦੇ ਉਮੀਦਵਾਰ ਦੇ ਮੂੰਹ ’ਤੇ ਕਰਾਰੀ ਚਪੇੜ ਹੈ ਕਿ ਦੁਕਾਨਦਾਰਾਂ ਨੂੰ ਮਜਬੂਰੀ ਵੱਸ ਅਪਣੀਆਂ ਦੁਕਾਨਾਂ ਤੇ ਕਾਰੋਬਾਰ ਬੰਦ ਕਰਕੇ ਰੋਸ਼ ਪ੍ਰਗਟ ਕਰਨਾ ਪਿਆ।’’ ਸਿੱਧੂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਹੋਣ ਦਾ ਦਾਅਵਾ ਕਰਨ ਵਾਲੇ ਇਸ ਪਾਰਟੀ ਦੇ ਵਿਧਾਇਕ ਤੇ ਮੰਤਰੀ ਹੁਣ ਖਾਸ ਬਣੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਕਿ ਅਪਣੇ ਗੁੰਡਿਆਂ ਰਾਹੀਂ ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਧਮਕਾਇਆ ਜਾ ਰਿਹਾ।
ਕਾਂਗਰਸੀ ਉਮੀਦਵਾਰ ਨੇ ਆਪਣੇ ਬਿਆਨ ਵਿਚ ਹਲਕੇ ਦੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਦੇਸ਼ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੇ ਹਿੱਤਾਂ ਦੀ ਰਾਖ਼ੀ ਕੀਤੀ ਜਾਵੇਗੀ ਤੇ ਉਹ ਹਮੇਸ਼ਾ ਉਹਨਾਂ ਦੇ ਨਾਲ ਡਟੇ ਰਹਿਣਗੇ।