ਡਾਕਟਰ ਸ਼ਾਮ ਲਾਲ ਨਰਸਿੰਗ ਹੋਮ ਮੋਗਾ ਵਿੱਚ ਵੋਟਰ ਜਾਗਰੂਕਤਾ
-ਵੋਟਰਾਂ ਦੀ ਸੁਵਿਧਾ ਲਈ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਐਪਸ ਬਾਰੇ ਵੀ ਦਿੱਤੀ ਜਾਣਕਾਰੀ
ਮੋਗਾ, 23 ਮਈ:
ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਡਾਕਟਰ ਸ਼ਾਮ ਲਾਲ ਨਰਸਿੰਗ ਹੋਮ ਮੋਗਾ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ਤਹਿਤ ਬੀ.ਐਸ.ਸੀ ਨਰਸਿੰਗ ਕਰ ਰਹੇ ਵਿਦਿਆਰਥੀਆਂ ਨਾਲ ਸਵੀਪ ਟੀਮ ਹਲਕਾ ਮੋਗਾ ਨੇ ਮੁਲਾਕਾਤ ਕੀਤੀ ਅਤੇ ਇੱਕ ਜੂਨ ਨੂੰ ਪੈਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਹਲਕਾ ਮੋਗਾ ਸਵੀਪ ਨੋਡਲ ਅਫ਼ਸਰ ਅਮਨਦੀਪ ਗੋਸਵਾਮੀ ਨੇ ਵੋਟਰਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਵੋਟਾਂ ਸਾਡੇ ਦੇਸ਼ ਦੀ ਚੰਗੀ ਸਰਕਾਰ ਅਤੇ ਚੰਗੇ ਪ੍ਰਬੰਧ ਲਈ ਬਹੁਤ ਜਰੂਰੀ ਪ੍ਰੋਸੈਸ ਹੈ ਸੋ ਇਸ ਲਈ ਆਪ ਸਭ ਨੇ ਅਤੇ ਆਪਣੇ ਨਾਲ ਆਪਣੇ ਮਾਪਿਆਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਹੈ ਇਸ ਮੌਕੇ ਸਾਬਕਾ ਸਵੀਪ ਨੋਡਲ ਬਲਵਿੰਦਰ ਸਿੰਘ ਨੇ ਈਵੀਐਮ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸੁਨੀਤਾ, ਵਾਈਸ ਪ੍ਰਿੰਸੀਪਲ ਡਾਕਟਰ ਸੋਢੀ ਤੋਂ ਇਲਾਵਾ 150 ਦੇ ਕਰੀਬ ਬੀ.ਐਸ.ਸੀ ਨਰਸਿੰਗ ਕਰ ਰਹੀਆਂ ਵਿਦਿਆਰਥਣਾਂ ਹਾਜ਼ਰ ਸਨ।
ਹਾਜ਼ਰੀਨ ਵੱਲੋਂ ਪ੍ਰਣ ਲਿਆ ਗਿਆ ਕਿ ਉਹ ਖੁਦ ਆਪਣੇ ਪਰਿਵਾਰ ਸਹਿਤ ਵੋਟ ਪਾਉਣ ਦੇ ਨਾਲ ਨਾਲ ਆਪਣੇ ਮੁਹੱਲੇ ਆਦਿ ਵਿੱਚੋਂ ਵੱਧ ਤੋਂ ਵੱਧ ਵੋਟਰਾਂ ਨੂੰ ਬੂਥ ਤੱਕ ਲੈ ਕੇ ਜਾਣਗੇ ਅਤੇ ਵੱਧ ਤੋਂ ਵੱਧ ਵੋਟਾਂ ਪੁਆਉਣ ਵਿੱਚ ਸਹਾਇਤਾ ਕਰਨਗੇ।
ਸਵੀਪ ਨੋਡਲ ਅਫ਼ਸਰ ਅਮਨਦੀਪ ਗੋਸਵਾਮੀ ਨੇ ਉੱਥੇ ਸ਼ਾਮਿਲ ਲੋਕਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਅਲੱਗ ਅਲੱਗ ਤਰ੍ਹਾਂ ਦੇ ਐਪਸ ਜਿਵੇਂ ਕਿ ਵੋਟਰ ਹੈਲਪਲਾਈਨ ਐਪ, ਸਕਸ਼ਮ ਐਪ, ਸੀ ਵਿਜ਼ਲ, ਕੇ ਵਾਈ.ਸੀ. ਆਦਿ ਬਾਰੇ ਵਿਸਥਾਰ ਸਹਿਤ ਸਮਝਾਇਆ ਗਿਆ ਅਤੇ ਇਹ ਐਪ ਆਪਣੇ ਮੋਬਾਇਲ ਵਿੱਚ ਇੰਸਟਾਲ ਕਰਨ ਲਈ ਕਿਹਾ ਗਿਆ। ਇਸ ਸਮੇਂ ਈ.ਵੀ.ਐਮ. ਅਤੇ ਵੀ.ਵੀ.ਪੈਟ ਮਸ਼ੀਨ ਬਾਰੇ ਵੀ ਵਿਸਥਾਰ ਸਹਿਤ ਸਮਝਾਇਆ ਗਿਆ ਅਤੇ ਦੱਸਿਆ ਗਿਆ ਕਿ ਇਹ ਮਸ਼ੀਨਾਂ ਬਿਲਕੁਲ ਸੁਰੱਖਿਅਤ ਅਤੇ ਕਿਸੇ ਵੀ ਤਰ੍ਹਾਂ ਦੀ ਹੇਰਾ ਫੇਰੀ ਇਸ ਜਰੀਏ ਸੰਭਵ ਨਹੀਂ ਹੈ। ਈ.ਵੀ.ਐਮ. ਤੋਂ ਵੋਟ ਪਾਉਣ ਤੋਂ ਬਾਅਦ ਤੁਸੀਂ ਸੱਤ ਸੈਕਿੰਡ ਲਈ ਆਪਣੀ ਵੋਟ ਕਿਸਨੂੰ ਪਾਈ ਹੈ ਉਸ ਬਾਰੇ ਦੇਖ ਸਕਦੇ ਹੋ, ਬਾਅਦ ਵਿੱਚ ਇਹ ਪਰਚੀ ਮਸ਼ੀਨ ਵਿੱਚ ਹੀ ਸੁਰੱਖਿਅਤ ਰਹਿੰਦੀ ਹੈ ਅਤੇ ਲੋੜ ਪੈਣ ਤੇ ਇਸਦਾ ਮਿਲਾਨ ਵੀ ਕੀਤਾ ਜਾ ਸਕਦਾ ਹੈ। ਐਪਸ ਤੋਂ ਇਲਾਵਾ ਵੋਟਰ ਹੈਲਪਲਾਈਨ ਨੰਬਰ 1950 ਬਾਰੇ ਵੀ ਜਾਣਕਾਰੀ ਵੀ ਦੱਸਿਆ ਗਿਆ। ਵੋਟਾਂ ਵਾਲੇ ਦਿਨ ਭਾਰਤੀ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਜਾਣ ਵਾਲੇ ਇੰਤਜ਼ਾਮ ਬਾਰੇ ਦੱਸਦੇ ਹੋਏ ਕਿਹਾ ਕਿ ਉਸ ਦਿਨ ਬੂਥਾਂ ਉੱਪਰ ਛਾਂ ਵਾਸਤੇ ਵਧੀਆ ਸ਼ਾਮਿਆਨੇ, ਪੀਣ ਵਾਸਤੇ ਠੰਡਾ ਮਿੱਠਾ ਪਾਣੀ, ਦਿਵਿਆਂਗਾਂ ਵਾਸਤੇ ਵੀਲ੍ਹਚੇਅਰ ਅਤੇ ਵਲੰਟੀਅਰ ਆਦਿ ਦਾ ਇੰਤਜ਼ਾਮ ਹੋਵੇਗਾ। ਸੋ ਸਭਨਾਂ ਨੂੰ 1 ਜੂਨ, 2024 ਵਾਲੇ ਦਿਨ ਆਪਣੀ ਵੋਟ ਜਰੂਰ ਪਾਉਣੀ ਚਾਹੀਦੀ ਹੈ ਅਤੇ ਆਪਣੇ ਨਾਲ ਹੋਰਨਾਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।