ਤਰਨਤਾਰਨ: ਗ੍ਰੰਥੀ ਸਿੰਘ ਦੇ ਘਰ ਨੂੰ ਲੱਗੀ ਭਿਆਨਕ ਅੱਗ, ਲਾਈਵ ਹੋ ਕੇ ਮੰਗੀ ਮਦਦ
ਬਲਜੀਤ ਸਿੰਘ
ਤਰਨਤਾਰਨ, 24 ਮਈ 2024- ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਇੱਕ ਗਰੀਬ ਗ੍ਰੰਥੀ ਸਿੰਘ ਦੇ ਘਰ ਵਿੱਚ ਅਚਾਨਕ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦੇਣ ਦੇ ਹੋਏ ਪੀੜਤ ਗ੍ਰੰਥੀ ਤਰਲੋਕ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੱਤ ਵਾਰ ਉਹਨਾਂ ਦੇ ਘਰ ਨੂੰ ਅੱਗ ਲੱਗ ਚੁੱਕੀ ਹੈ। ਜਿਸ ਕਾਰਨ ਘਰ ਦਾ ਸਾਰਾ ਸਮਾਨ ਸਾੜ ਚੁੱਕਾ ਸੀ ਅਤੇ ਹੁਣ ਅੱਠਵੀਂ ਵਾਰ ਇਹ ਅੱਗ ਲੱਗੀ ਹੈ। ਜਿਸ ਵਿੱਚ ਘਰ ਵਿੱਚ ਰਹਿੰਦਾ ਖੂੰਦਾ ਜਿਵੇਂ ਬੈਡ ਗੱਦੇ ਸੋਫੇ ਪੱਖੇ ਅਲਮਾਰੀ ਇੱਥੋਂ ਤੱਕ ਕਿ ਸਾਰੇ ਕੱਪੜੇ ਤੱਕ ਇਸ ਅੱਗ ਲੱਗਣ ਕਾਰਨ ਸੜ ਕੇ ਸਵਾਹ ਹੋ ਚੁੱਕੇ ਹਨ। ਪੀੜਤ ਗ੍ਰੰਥੀ ਨੇ ਕਿਹਾ ਕਿ ਹੁਣ ਉਹਨਾਂ ਦੇ ਘਰ ਵਿੱਚ ਕੋਈ ਵੀ ਸਮਾਨ ਨਹੀਂ ਬਚਿਆ ਪੀੜਤ ਗ੍ਰੰਥੀ ਤਰਲੋਕ ਸਿੰਘ ਅਤੇ ਉਸਦੀ ਪਤਨੀ ਗੁਰਮੀਤ ਕੌਰ ਨੇ ਸਮਾਜ ਸੇਵੀਆਂ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ। ਜਿਸ ਨਾਲ ਉਹ ਆਪਣਾ ਘਰ ਦਾ ਕੁਝ ਸਮਾਨ ਬਨਾ ਸਕਣ। ਉਹਨਾਂ ਕਿਹਾ ਕਿ ਇਸ ਅੱਗ ਲੱਗਣ ਦੇ ਕਿਸੇ ਵੀ ਕਾਰਨ ਦਾ ਅਜੇ ਤੱਕ ਉਹਨਾਂ ਨੂੰ ਕੋਈ ਪਤਾ ਨਹੀਂ ਚੱਲਿਆ ਕਿ ਕਿਸ ਕਾਰਨ ਕਰਕੇ ਇਹ ਅੱਗ ਲੱਗ ਜਾਂਦੀ ਹੈ।