ਬੀਕੇਯੂ ਏਕਤਾ-ਡਕੌਂਦਾ ਵੱਲੋਂ ਐਸਐਸਪੀ ਫਿਰੋਜ਼ਪੁਰ ਦੇ ਦਫਤਰ ਅੱਗੇ ਵਿਸ਼ਾਲ ਧਰਨਾ: ਮਨਜੀਤ ਧਨੇਰ
- ਹਰਨੇਕ ਸਿੰਘ ਮਹਿਮਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਜੁਝਾਰੂ ਕਾਫ਼ਲੇ ਫਿਰੋਜ਼ਪੁਰ ਦੀਆਂ ਸੜਕਾਂ 'ਤੇ ਨਿੱਕਲੇ: ਗੁਰਦੀਪ ਸਿੰਘ ਰਾਮਪੁਰਾ
ਦਲਜੀਤ ਕੌਰ
ਫਿਰੋਜ਼ਪੁਰ, 17 ਮਈ, 2024: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਨਜਾਇਜ਼ ਗ੍ਰਿਫ਼ਤਾਰੀ ਖ਼ਿਲਾਫ਼ ਅਤੇ ਜੇਲ੍ਹ ਤੋਂ ਰਿਹਾਈ ਕਰਵਾਉਣ ਲਈ ਕਿਸਾਨ ਜਥੇਬੰਦੀ ਵੱਲੋਂ ਐਸਐਸਪੀ ਫਿਰੋਜ਼ਪੁਰ ਦੇ ਦਫਤਰ ਅੱਗੇ ਫਿਰੋਜ਼ਪੁਰ ਜ਼ਿਲ੍ਹੇ ਦੇ ਪ੍ਰਧਾਨ ਜੰਗੀਰ ਸਿੰਘ ਖਹਿਰਾ ਦੀ ਅਗਵਾਈ ਵਿੱਚ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਸਮੇਂ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪੰਜਾਬ ਸਰਕਾਰ ਨੂੰ ਸੁਣਵਾਈ ਕੀਤੀ ਕਿ ਉਹਨਾਂ ਦੀ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ ਤੁਰੰਤ ਰਿਹਾ ਕੀਤਾ ਜਾਵੇ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਹਰਨੇਕ ਸਿੰਘ ਮਹਿਮਾ ਨੂੰ ਜਾਣ ਬੁੱਝ ਕੇ ਚੋਣਾਂ ਸਮੇਂ ਪੁਰਾਣੇ ਕੇਸਾਂ ਵਿੱਚ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਹੈ ਤਾਂ ਕਿ ਉਹ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਵਾਲ ਨਾ ਪੁੱਛ ਸਕਣ।
ਦੱਸਣਯੋਗ ਹੈ ਕਿ 10 ਮਈ ਦੀ ਸ਼ਾਮ ਨੂੰ ਜਦੋਂ ਹਰਨੇਕ ਸਿੰਘ ਮਹਿਮਾ ਆਪਣੇ ਸਾਥੀਆਂ ਸਮੇਤ ਭਾਜਪਾ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਗੁਰਮੀਤ ਸਿੰਘ ਰਾਣਾ ਸੋਢੀ ਨੂੰ ਕਾਲੇ ਝੰਡੇ ਦਿਖਾਉਣ ਲਈ ਜਾ ਰਹੇ ਸਨ ਤਾਂ ਰਸਤੇ ਵਿੱਚੋਂ ਹੀ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਹਾਕਮਾਂ ਨੂੰ ਹਰਨੇਕ ਸਿੰਘ ਮਹਿਮਾ ਹੀ ਭਗੌੜਾ ਦਿਸਿਆ ਜਦ ਕਿ ਕੁਲਰੀਆਂ ਦਾ ਗੁੰਡਾ ਸਰਗਣਾ ਰਾਜਬੀਰ ਸਿੰਘ ਸਰਪੰਚ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਬੁਢਲਾਡਾ ਹਲਕੇ ਦੀ ਚੋਣ ਮੁਹਿੰਮ ਸੰਭਾਲੀ ਹੋਈ ਹੈ। ਚੋਣ ਕਮਿਸ਼ਨ ਇਸ ਸਭ ਕੁੱਝ ਨੂੰ ਮੂਕ ਦਰਸ਼ਕ ਬਣ ਕੇ ਵੇਖ ਰਿਹਾ ਹੈ। ਅੱਜ ਵਾਲੇ ਧਰਨੇ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਅਤੇ ਇਸ ਏਰੀਏ ਵਿੱਚ ਕੰਮ ਕਰਦੀਆਂ ਬਹੁਤ ਸਾਰੀਆਂ ਹੋਰ ਜਥੇਬੰਦੀਆਂ ਨੇ ਹਮਾਇਤੀ ਲਲਕਾਰਾ ਮਾਰਦਿਆਂ ਸ਼ਮੂਲੀਅਤ ਕੀਤੀ।
ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਨੇ ਕਿਹਾ ਕਿ ਪ੍ਰਸ਼ਾਸਨ ਕਿਸਾਨਾਂ ਨੂੰ ਵਾਰ ਵਾਰ ਲਾਰੇ ਲਾ ਰਿਹਾ ਹੈ ਕਿ ਉਹ ਹਰਨੇਕ ਮਹਿਮਾ ਦੀ ਰਿਹਾਈ ਲਈ ਪੂਰੇ ਯਤਨਸ਼ੀਲ ਹਨ ਪਰ ਪ੍ਰਸ਼ਾਸਨ ਵੱਲੋਂ ਚੋਣਾਂ ਦੇ ਮੌਕੇ ਤੇ ਪੁਰਾਣੇ ਕੇਸਾਂ ਵਿੱਚ ਗ੍ਰਿਫ਼ਤਾਰ ਕਰਨਾ ਪ੍ਰਸ਼ਾਸਨ ਦੀ ਬਦਨੀਅਤ ਨੂੰ ਨੰਗਿਆਂ ਕਰਦਾ ਹੈ। ਇਸ ਤੋਂ ਇਹ ਵੀ ਸਾਫ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਆਪਸ ਵਿੱਚ ਮਿਲੀ ਭੁਗਤ ਹੈ ਅਤੇ ਕਿਸਾਨਾਂ ਵੱਲੋਂ ਭਾਜਪਾ ਦੇ ਕੀਤੇ ਜਾ ਰਹੇ ਵਿਰੋਧ ਤੋਂ ਔਖੀ ਹੋ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੋਈ ਵੀ ਜ਼ੁਲਮ, ਜੇਲ੍ਹਾਂ ਅਤੇ ਥਾਣੇ ਉਹਨਾਂ ਨੂੰ ਕਿਸਾਨ ਹਿੱਤਾਂ ਲਈ ਲੜਨ ਤੋਂ ਰੋਕ ਨਹੀਂ ਸਕਦੇ। ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਹਜ਼ਾਰਾਂ ਕਿਸਾਨ ਅਤੇ ਬੀਬੀਆਂ ਇਸ ਮਹਾਂ ਰੈਲੀ ਵਿੱਚ ਸ਼ਾਮਲ ਹੋਈਆਂ। ਸੂਬਾ ਔਰਤ ਆਗੂ ਅੰਮ੍ਰਿਤ ਪਾਲ ਕੌਰ ਨੇ ਸੰਘਰਸ਼ ਮਈ ਵਿਰਾਸਤ ਨੂੰ ਆਪਣੇ ਬੁੱਕਲ ਵਿੱਚ ਸੰਭਾਲੀ ਬੈਠੀਆਂ ਅੱਧ ਸੰਸਾਰ ਮਾਲਕ ਔਰਤਾਂ ਨੂੰ ਜਥੇਬੰਦ ਹੋਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਨ ਦਾ ਸੱਦਾ ਦਿੱਤਾ। ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਦੇ ਕਨਵੀਨਰ ਨਰਾਇਣ ਦੱਤ ਨੇ ਹਾਕਮਾਂ ਨੂੰ ਚਿਤਾਵਨੀ ਦਿੱਤੀ ਕਿ ਲੋਕਾਂ ਦੇ ਇਤਿਹਾਸ ਨੂੰ ਕੰਧ 'ਤੇ ਲਿਖਿਆ ਪੜ੍ਹ ਲੈਣ ਕਿ ਹਕੂਮਤ ਦਾ ਜਬਰ ਸੰਘਰਸ਼ ਦੀ ਖੁਰਾਕ ਬਣ ਜਾਂਦਾ ਹੈ। ਉਹ ਮਹਿਲਕਲਾਂ ਦਾ ਸ਼ਾਨਾਮੱਤਾ ਇਤਿਹਾਸ ਗਵਾਹ ਹੈ। ਹਰਨੇਕ ਸਿੰਘ ਮਹਿਮਾ ਨੂੰ ਜੇਲ੍ਹਾਂ ਵਿੱਚ ਡੱਕ ਕੇ ਹਾਕਮ ਇਹ ਭਰਮ ਛੱਡ ਦੇਣ ਕਿ ਉਹ ਹੁਣ ਚੁੱਪ ਚਾਪ ਵੋਟਾਂ ਦੀ ਫ਼ਸਲਾਂ ਮੁੰਨ ਲੈਣਗੇ। ਆਪਣੇ ਸੰਬੋਧਨ ਵਿੱਚ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ 21 ਮਈ ਨੂੰ ਜਗਰਾਓਂ ਕਿਸਾਨ-ਮਜਦੂਰ ਮਹਾਂਪੰਚਾਇਤ ਮੌਕੇ ਹਰਨੇਕ ਸਿੰਘ ਮਹਿਮਾ ਨੂੰ ਰਿਹਾਅ ਨਾ ਕਰਨ ਦੀ ਸੂਰਤ ਵਿੱਚ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਗੁਰਭੇਜ ਸਿੰਘ ਰੋਹੀਵਾਲਾ, ਅਵਤਾਰ ਸਿੰਘ ਮਹਿਮਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਸੁੱਖ ਗਿੱਲ ਮੋਗਾ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ, ਸੁਖਮੰਦਰ ਸਿੰਘ ਜ਼ਿਲਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਅਮਰੀਕ ਸਿੰਘ ਜ਼ਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਯਾਦਗਾਰ ਕਮੇਟੀ ਮਹਿਲ ਕਲਾਂ ਦੇ ਕਨਵੀਨਰ ਨਰਾਇਣ ਦੱਤ, ਸੁਰਜੀਤ ਕੁਮਾਰ ਵਜੀਦਪੁਰ , ਕਿਰਤੀ ਕਿਸਾਨ ਯੂਨੀਅਨ ਦੀ ਬੀਬੀ ਰਾਜ ਕੌਰ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਕੈਪਟਨ ਕਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਹਰਨੇਕ ਸਿੰਘ ਮਹਿਮਾ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਵਿੱਚ ਪੂਰਾ ਸਾਥ ਦੇਣ ਦਾ ਐਲਾਨ ਕੀਤਾ। ਅੱਜ ਦੇ ਧਰਨੇ ਵਿੱਚ ਫਿਰੋਜ਼ਪੁਰ ਤੋਂ ਇਲਾਵਾ ਫਾਜ਼ਿਲਕਾ, ਮੁਕਤਸਰ ਸਾਹਿਬ, ਫਰੀਦਕੋਟ, ਲੁਧਿਆਣਾ, ਮੋਗਾ, ਕਪੂਰਥਲਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਮਲੇਰਕੋਟਲਾ ਅਤੇ ਮੋਹਾਲੀ ਤੋਂ ਕਿਸਾਨਾਂ ਦੇ ਕਾਫਲੇ ਨੂੰ ਐਸਐਸਪੀ ਦਫਤਰ ਫਿਰੋਜ਼ਪੁਰ ਅੱਗੇ ਲਾਏ ਗਏ ਧਰਨੇ ਵਿੱਚ ਪੂਰੇ ਜੋਸ ਖਰੋਸ਼ ਨਾਲ ਸ਼ਮੂਲੀਅਤ ਕੀਤੀ। ਸਟੇਜ ਸਕੱਤਰ ਦੇ ਫਰਜ਼ ਦਰਸ਼ਨ ਸਿੰਘ ਕੁੜਮਾਂ ਨੇ ਨਿਭਾਈ।