ਬੇਟ ਇਲਾਕੇ ਦੀਆਂ ਮੰਗਾਂ ਪੂਰੀਆ ਕਰਨ ਲਈ ਅਕਾਲੀ ਦਲ ਵਚਨਬੱਧ:- ਪ੍ਰੋ. ਚੰਦੂਮਾਜਰਾ
ਸੂਬਾ ਸਰਕਾਰ ਨੇ ਸੜਕਾਂ ਦੀ ਮੁਰੰਮਤ ਕਰਵਾਉਣ ਤੋਂ ਵੀ ਹੱਥ ਖੜ੍ਹੇ ਕੀਤੇ
ਚਮਕੌਰ ਸਾਹਿਬ ਦੇ ਦਰਜਨਾਂ ਨੌਜਵਾਨ ਅਤੇ ਸਾਬਕਾ ਸਰਪੰਚ ਅਕਾਲੀ ਦਲ ਵਿੱਚ ਸ਼ਾਮਿਲ
ਸ੍ਰੀ ਚਮਕੌਰ ਸਾਹਿਬ , 26 ਮਈ 2024
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਜਿੱਤ ਕੇ ਬੇਟ ਇਲਾਕੇ ਦੀਆਂ ਮੰਗਾਂ ਪੂਰੀਆਂ ਕਰਨ ਲਈ ਅਕਾਲੀ ਦਲ ਵਚਨਬੱਧ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਲੋਕ ਸਭਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਧਾਨ ਸਭਾ ਸ੍ਰੀ ਚਮਕੌਰ ਸਾਹਿਬ ਦੇ ਸੰਧੂਆਂ ਅਤੇ ਸਮਾਣਾ ਆਦਿ ਵੱਖ-ਵੱਖ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਬੇਟ ਇਲਾਕੇ ਦੀ ਸਭ ਤੋਂ ਅਹਿਮ ਮੰਗ ਸਤਲੁਜ ਦਰਿਆ ‘ਤੇ ਪੁਲ ਦੀ ਰਹੀ ਹੈ, ਜਿਸਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਅੱਖੋਂ-ਪਰੋਖੇ ਕੀਤਾ ਹੋਇਆ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਚੋਣ ਜਿੱਤਕੇ ਦਰਿਆਈ ਪੁਲ ਦਾ ਕੰਮ ਨੇਪਰੇ ਚਾੜਿਆ ਜਾਵੇਗਾ। ਉਨ੍ਹਾਂ ਆਖਿਆ ਕਿ ਸਤਲੁਜ ਦਰਿਆ ਲਾਗਲੇ ਪਿੰਡਾਂ ਲਈ ਬਰਸਾਤਾਂ ਦੇ ਦਿਨਾਂ ਵਿੱਚ ਵੱਡੀ ਮੁਸ਼ਕਿਲ ਖੜ੍ਹੀ ਕਰਦਾ ਹੈ, ਪੁਲ ਨਾ ਹੋਣ ਕਰਕੇ ਪਿੰਡਾਂ ਅਤੇ ਸ਼ਹਿਰਾਂ ਦਾ ਆਪਸੀ ਸੰਪਰਕ ਵੀ ਟੁੱਟ ਜਾਂਦਾ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਬੇਟ ਇਲਾਕੇ ਦੀ ਇਸ ਮੰਗ ਨੂੰ ਅਕਾਲੀ ਦਲ ਹਰ ਹਾਲਤ ਵਿੱਚ ਪੂਰਾ ਕਰੇਗਾ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਸ੍ਰੀ ਚਮਕੌਰ ਸਾਹਿਬ ਤੋਂ ਬੇਲਾ ਜਾਣ ਵਾਲੀ ਸੜਕ ਦਾ ਕੰਮ ਮੁਕੰਮਲ ਕਰਨ ਦਾ ਵੀ ਭਰੋਸਾ ਦਿੱਤਾ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਸਰਕਾਰ ਅਤੇ ਸੂਬੇ ਦੀਆਂ ਸੜਕਾਂ ਦੀ ਹਾਲਤ ਇੱਕੋ ਜਿਹੀ ਹੈ, ਕੋਈ ਜਿਆਦਾ ਅੰਤਰ ਨਹੀਂ। ਉਨ੍ਹਾਂ ਆਖਿਆ ਕਿ ਲਿੰਕ ਸੜਕਾਂ ਵਿੱਚ ਪਏ ਵੱਡੇ-ਵੱਡੇ ਖੱਡੇ ਸੂਬੇ ਸਰਕਾਰ ਦੀ ਵਿੱਤੀ ਸਥਿਤੀ ਬਿਆਨ ਕਰਦੇ ਹਨ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਸਮੇਂ ਸੂਬੇ ਦੀਆਂ ਸੜਕਾਂ ਨੂੰ ਵੱਡੇ ਪੱਧਰ ‘ਤੇ ਬਣਾਇਆ ਗਿਆ। ਉਨ੍ਹਾਂ ਆਖਿਆ ਕਿ ਪਰ ਕਾਂਗਰਸ ਅਤੇ ਆਪ ਪਾਰਟੀ ਦੇ ਕਾਰਜ ਕਾਲ ਦੌਰਾਨ ਨਵੀਆਂ ਸੜ੍ਹਕਾਂ ਬਣਾਉਣਾ ਤਾਂ ਦੂਰ ਦੀ ਗੱਲ, ਅਕਾਲੀ ਸਰਕਾਰ ਦੁਆਰਾ ਬਣਾਈਆ ਸੜਕਾਂ ਦੀ ਮੁਰੰਮਤ ਕਰਵਾਉਣ ਤੋਂ ਵੀ ਅਸਮਰੱਥ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸੂਬੇ ਵਿੱਚ ਆਮ ਤੌਰ ‘ਤੇ ਛੇ ਵਰ੍ਹਿਆਂ ਬਾਅਦ ਸੜਕਾਂ ਦੀ ਮੁਰੰਮਤ ਹੁੰਦੀ ਹੈ, ਪ੍ਰੰਤੂ ਹੁਣ ਸੱਤ ਤੋਂ ਅੱਠ ਵਰ੍ਹੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਦੁਆਰਾ ਸੜਕਾਂ ਦੀ ਸਾਰ ਨਹੀਂ ਲਈ ਗਈ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਵੀ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਸੂਬੇ ਨੂੰ ਵਿੱਤੀ ਤੌਰ ਉੱਤੇ ਲੁੱਟ ਆਪਣੀਆਂ ਜੇਬਾਂ ਭਰਨ ਤੋਂ ਇਲਾਵਾ ਪੰਜਾਬ ਲਈ ਕੱਖ ਨਹੀਂ ਕੀਤਾ।
ਇਸ ਮੌਕੇ ਪ੍ਰੋ. ਚੰਦੂਮਾਜਰਾ ਅਤੇ ਹਲਕਾ ਇੰਚਾਰਜ਼ ਕਰਨ ਸਿੰਘ ਡੀਟੀਓ ਦੀ ਅਗਵਾਈ ‘ਚ ਕਾਂਗਰਸ ਦੇ ਸਾਬਕਾ ਸਰਪੰਚ ਅਜੀਤ ਸਿੰਘ ਅਤੇ ਆਪ ਦੇ ਸਰਪੰਚ ਕਰਮ ਸਿੰਘ ਸੰਧੂਆਂ ਨੂੰ ਸ਼ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ। ਇਸ ਤੋਂ ਇਲਾਵਾ ਹਲਕੇ ਦੇ ਨੌਜਵਾਨ ਡਾ. ਗੁਰਪ੍ਰੀਤ ਸਿੰਘ, ਸਤਵੀਰ ਸਿੰਘ, ਕਬੀਰ ਸਿੰਘ ਚੂਹੜਮਾਜਰਾ, ਆਸ਼ੂ ਚਮਕੌਰ ਸਾਹਿਬ, ਤੋਂ ਇਲਾਵਾ ਵੱਡੀ ਗਿਣਤੀ ‘ਚ ਨੌਜਵਾਨ ਨੇ ਸ਼ਰੋਮਣੀ ਅਕਾਲੀ ਦਲ ਵਿੱਚ ਸਮੂਲੀਅਤ ਕੀਤੀ।
ਇਸ ਮੌਕੇ ਹਲਕਾ ਇੰਚਾਰਜ਼ ਕਰਨ ਸਿੰਘ ਡੀਟੀਓ, ਐੱਸਜੀਪੀਸੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਸਾਬਕਾ ਪ੍ਰਧਾਨ ਨਗਰ ਕੌਂਸਲ ਅਮਨਦੀਪ ਸਿੰਘ ਮਾਂਗਟ, ਬਲਦੇਵ ਸਿੰਘ ਹਬਸਵਾਦ, ਅਮਰਜੀਤ ਸਿੰਘ, ਲਖਵੀਰ ਸਿੰਘ, ਜੰਗੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਰਕਰ ਅਤੇ ਸੀਨੀਅਰ ਲੀਡਰਸ਼ਿਪ ਹਾਜਰ ਰਹੀ।