ਮੁਬਾਰਿਕਪੁਰ ਤੋਂ ਸਮੁੱਚੀ ਭਾਟ ਬਰਾਦਰੀ ਨੇ ਛੱਡਿਆ ਅਕਾਲੀ ਦਲ, ਐੱਸਐੱਮਐੱਸ ਸੰਧੂ ਨੇ ਭਾਜਪਾ 'ਚ ਕੀਤਾ ਨਿੱਘਾ ਸਵਾਗਤ
- ਲੋਕਾਂ ਨੇ ਪ੍ਰਨੀਤ ਕੌਰ ਨੂੰ ਦੱਸਿਆ ਵਿਕਾਸ ਦੀ ਦੇਵੀ
ਡੇਰਾਬੱਸੀ, 24 ਮਈ 2024 - ਮੁਬਾਰਿਕਪੁਰ ਵਿਚ ਰਹਿੰਦਾ ਸਮੁੱਚਾ ਭਾਟ ਸਮਾਜ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ। ਭਾਜਪਾ ਦੇ ਹਲਕਾ ਚੋਣ ਇੰਚਾਰਜ ਐੱਸਐੱਮਐੱਸ ਸੰਧੂ ਨੇ ਸਾਰੀ ਬਰਾਦਰੀ ਦਾ ਭਾਜਪਾ ਵਿੱਚ ਆਉਣ ਤੇ ਨਿੱਘਾ ਸਵਾਗਤ ਕੀਤਾ। ਸ਼ਾਮਲ ਹੋਣ ਉਪਰੰਤ ਬਿਰਾਦਰੀ ਨੇ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਵਿਕਾਸ ਦੀ ਦੇਵੀ ਕਹਿ ਕੇ ਸਨਮਾਨ ਦਿੱਤਾ । ਇਸ ਮੌਕੇ ਐੱਸਐੱਮਐੱਸ ਸੰਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਲਕਾ ਡੇਰਾਬੱਸੀ ਮਹਾਰਾਣੀ ਸਾਹਿਬਾ ਦਾ ਪਰਿਵਾਰ ਹੈ ਅਤੇ ਜਦੋਂ ਵੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਹਮੇਸ਼ਾ ਨਾਲ ਖੜਦੇ ਹਨ।
ਉਹਨਾਂ ਕਿਹਾ ਕਿ ਇਹ ਕਲੀਅਰ ਹੈ ਕਿ ਦੇਸ਼ ਵਿਚ ਤੀਜੀ ਵਾਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਬਣਨ ਜਾ ਰਹੀ ਹੈ ਅਤੇ ਪਟਿਆਲਾ ਸੀਟ ਮਹਾਰਾਣੀ ਪ੍ਰਨੀਤ ਕੌਰ ਜਿੱਤ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਇਤਿਹਾਸਕ ਪਲਾਂ ਵਿਚ ਹਰੇਕ ਨੂੰ ਵੋਟ ਰਾਹੀਂ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ। ਕਿਓਂਕਿ ਦੇਸ਼ ਦੀ ਭਲਾਈ ਸਿਰ੍ਫ ਭਾਜਪਾ ਸਰਕਾਰ ਹੀ ਕਰ ਸਕਦੀ ਹੈ। ਪਾਰਟੀ ਬਾਰੇ ਗੱਲ ਕਰਦੇ ਹੋਏ ਸੰਧੂ ਨੇ ਅੱਗੇ ਕਿਹਾ, "ਭਾਜਪਾ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਭਾਰਤ ਵਿਕਾਸ ਅਤੇ ਤਰੱਕੀ ਦੇ ਰਾਹ 'ਤੇ ਅੱਗੇ ਵਧੇ ਅਤੇ 140 ਕਰੋੜ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਪਿਛਲੇ 10 ਸਾਲਾਂ 'ਚ ਭਾਰਤ ਦੀਆਂ ਵਧ ਰਹੀਆਂ ਸਫਲਤਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਹਨ।"
ਉਨ੍ਹਾਂ ਨੇ ਅੱਗੇ ਕਿਹਾ, "ਮੋਦੀ ਸਰਕਾਰ ਦੇ 10 ਸਾਲ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹਨ ਕਿ ਕਿਵੇਂ ਇੱਕ ਲੋਕ ਕੇਂਦਰਿਤ ਸਰਕਾਰ ਚਲਾਈ ਜਾਂਦੀ ਹੈ। ਮੋਦੀ ਜੀ ਨੇ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਜੋ ਦੇਸ਼ ਭਰ ਦੇ ਕਰੋੜਾਂ ਲੋਕਾਂ ਨੂੰ ਸਿੱਧਾ ਲਾਭ ਪਹੁੰਚਾ ਰਹੀਆਂ ਹਨ। 'ਅਬਕੀ ਬਾਰ 400' ਪਾਰ ਦਾ ਨਾਅਰਾ ਆਉਣ ਵਾਲੀ 4 ਜੂਨ ਨੂੰ ਜ਼ਰੂਰ ਸੱਚ ਹੋਣ ਜਾ ਰਿਹਾ ਹੈ। ਇਸ ਵਾਰ ਪੰਜਾਬ ਦੇ ਲੋਕ ਵੀ ਲੋਕ ਸਭਾ ਚੋਣਾਂ ਵਿੱਚ ਵੱਡੀ ਭੂਮਿਕਾ ਨਿਭਾਉਣ ਜਾ ਰਹੇ ਹਨ ਅਤੇ ਮੈਨੂੰ ਯਕੀਨ ਹੈ ਕਿ ਉਹ ਸੂਬੇ ਭਰ ਵਿੱਚ ਭਾਜਪਾ ਦੇ ਨੁਮਾਇੰਦਿਆਂ ਨੂੰ ਵੋਟ ਪਾਉਣਗੇ।"
ਉਹਨਾਂ ਕਿਹਾ ਕਿ ਅਸੀਂ ਮਹਾਰਾਣੀ ਪ੍ਰਨੀਤ ਕੌਰ ਨੂੰ ਚੋਣ ਜਿਤਾ ਕੇ ਕੇਂਦਰ ਵਿੱਚ ਮੰਤਰੀ ਬਨਾਉਣਾ ਹੈ ਕਿਉਂਕਿ ਇਸ ਦਾ ਸਿੱਧਾ ਲਾਭ ਸਾਨੂੰ ਹੀ ਮਿਲਣਾ ਹੈ। ਇਸ ਮੌਕੇ ਭਾਜਪਾ ਆਗੂ ਰਵਿੰਦਰ ਵੈਸ਼ਨਵ, ਸ਼ਰੂਤੀ ਭਾਰਦਵਾਜ, ਅਮਨ ਰਾਣਾ, ਸੁਖਦੇਵ ਰਾਣਾ, ਪੁਸ਼ਪਿੰਦਰ ਮਹਿਤਾ ਸਮੇਤ ਹੋਰ ਵੀ ਪਾਰਟੀ ਆਗੂ ਮੌਜ਼ੂਦ ਸਨ।