ਲਾਲੜੂ ਖੇਤਰ ਵਿੱਚ ਕਾਂਗਰਸ ਪਾਰਟੀ ਦੀ ਉੱਚ ਲੀਡਰਸ਼ਿੱਪ ਹੋਈ ਸਰਗਰਮ
ਆਬਜ਼ਰਵਰ ਨੇ ਲਈ ਮੀਟਿੰਗ, ਵਰਕਰਾਂ ਵੱਲੋਂ ਡੋਰ ਟੂ ਡੋਰ ਪ੍ਰਚਾਰ
ਮਲਕੀਤ ਸਿੰਘ ਮਲਕਪੁਰ
ਲਾਲੜੂ 27 ਮਈ 2024: ਲਾਲੜੂ ਖੇਤਰ ਵਿੱਚ ਕਾਂਗਰਸ ਦੀ ਉੱਚ ਲੀਡਰਸ਼ਿਪ ਦੇ ਨਾਲ -ਨਾਲ ਸਥਾਨਕ ਵਰਕਰਾਂ ਨੇ ਪੂਰੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ।ਇਸ ਸਬੰਧੀ ਜਿੱਥੇ ਹਾਈਕਮਾਂਡ ਤਰਫੋਂ ਆਏ ਆਬਜਰਵਰਾਂ ਵਜੋਂ ਰਾਜਸਥਾਨ ਦੇ ਨੌਜਵਾਨ ਕਾਂਗਰਸੀ ਆਗੂ ਆਜ਼ਾਦ ਸਿੰਘ ਰਾਠੌਰ ਤੇ ਜਨਾਬ ਕਾਜੀ ਨਿਜਾਮੂਦੀਨ ਵੱਲੋਂ ਲਾਲੜੂ ਤੇ ਪਿੰਡ ਜਿਊਲੀ ਵਿੱਚ ਮੀਟਿੰਗਾਂ ਕਰ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ,ਉੱਥੇ ਹੀ ਸਥਾਨਕ ਵਰਕਰਾਂ ਨੇ ਵੱਖ-ਵੱਖ ਵਾਰਡਾਂ ਵਿੱਚ ਡੋਰ ਟੂ ਡੋਰ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਮਾਸਟਰ ਮੋਹਨ ਸਿੰਘ ਤੇ ਕੌਂਸਲਰ ਸੁਸ਼ੀਲ ਮਗਰਾ ਨੇ ਦੱਸਿਆ ਕਿ ਆਬਜਰਵਰਾਂ ਨੇ ਵਰਕਰਾਂ ਤੋਂ ਫੀਡ ਬੈਕ ਲੈ ਕੇ ਉਨ੍ਹਾਂ ਨੂੰ ਯੋਗ ਸੇਧ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਗੁੱਸਾ ਹੈ ਤੇ ਲੋਕ 1 ਜੂਨ ਨੂੰ ਵੋਟ ਰਾਹੀਂ ਆਪਣਾ ਗੁੱਸਾ ਪ੍ਰਗਟਾਉਣਗੇ ਤੇ ਕੇਂਦਰ ਵਿੱਚ ਤਬਦੀਲੀ ਲਿਆਉਣਗੇ।ਇਸੇ ਤਰ੍ਹਾਂ ਡੋਰ ਟੂ ਡੋਰ ਪ੍ਰਚਾਰ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਥਾਨਕ ਟੀਮ ਹਰ ਰੋਜ਼ ਇੱਕ ਵਾਰਡ ਨੂੰ ਕਵਰ ਕਰ ਰਹੀ ਹੈ ਤੇ ਲੋਕਾਂ ਵਿੱਚ ਕਾਂਗਰਸ ਪਾਰਟੀ ਪ੍ਰਤੀ ਉਤਸ਼ਾਹ ਪਾਇਆ ਜਾ ਰਿਹਾ ਹੈ।ਦੋਹਾਂ ਆਗੂਆਂ ਨੇ ਦੱਸਿਆ ਕਿ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵੱਲੋਂ ਪਟਿਆਲਾ ਵਿਚ ਡਾਕਟਰ ਧਰਮਵੀਰ ਗਾਂਧੀ ਤੇ ਹੋਰਨਾਂ ਉਮੀਦਵਾਰਾਂ ਦੇ ਹੱਕ ਵਿੱਚ ਕੀਤੀ ਜਾਣ ਵਾਲੀ ਰੈਲੀ ਵਿੱਚ ਲਾਲੜੂ ਖੇਤਰ ਤੋਂ ਔਰਤਾਂ ਦੀਆਂ 10 ਬੱਸਾਂ ਗਈਆਂ ਹਨ,ਜਿਸ ਵਿਚੋਂ ਇਕੱਲੇ ਲਾਲੜੂ ਵਿਚੋਂ ਮੈਡਮ ਨਛੱਤਰ ਕੌਰ ਪਿੰਕੀ ਦੀ ਅਗਵਾਈ ਵਿੱਚ ਦੋ ਬੱਸਾਂ ਗਈਆਂ ਹਨ।ਇਸ ਮੌਕੇ ਸਮੂਹ ਕਾਂਗਰਸੀ ਆਗੂਆਂ ਵੱਲੋਂ ਵਾਰਡ ਵਾਸੀਆਂ ਨੂੰ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਕੌਂਸਲਰ ਬਲਕਾਰ ਸਿੰਘ ਦੱਪਰ,ਕੌਂਸਲਰ ਯੁਗਵਿੰਦਰ ਸਿੰਘ ਰਾਠੌਰ, ਕੌਂਸਲਰ ਉਮੇਸ਼ ਲੱਕੀ,ਸਿਉਪਾਲ ਰਾਣਾ, ਕ੍ਰਿਸ਼ਨ ਕੁਮਾਰ ਗੁਪਤਾ,ਰਮੇਸ਼ ਪ੍ਰਜਾਪਤ ,ਧਰਮਿੰਦਰ ਕੁਮਾਰ, ਜਗਤਾਰ ਰਾਠੀ, ਬਲਕਾਰ ਸਿੰਘ ਲਾਲੜੂ, ਦੀਪਕ ਰਾਣਾ, ਵਿੱਕੀ ਰਾਣਾ ਤੇ ਪ੍ਰੇਮ ਸੋਢੀ ਸਮੇਤ ਵੱਡੀ ਗਿਣਤੀ ਕਾਂਗਰਸੀ ਵਰਕਰ ਹਾਜ਼ਰ ਸਨ।