ਲੋਕ ਚੇਤਨਾ ਮੰਚ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਫ਼ਰਤੀ ਭਾਸ਼ਨਾਂ ਦੇ ਵਿਰੁੱਧ ਕੀਤਾ ਰੋਸ ਵਿਖਾਵਾ
ਦਲਜੀਤ ਕੌਰ
ਲਹਿਰਾਗਾਗਾ, 26 ਮਈ, 2024: ਬੀਤੇ ਕੱਲ੍ਹ ਸ਼ਾਮ ਨੂੂੰ ਨਹਿਰ ਦੇ ਪੁਲ 'ਤੇ ਲੋਕ ਚੇਤਨਾ ਮੰਚ, ਲਹਿਰਾਗਾਗਾ ਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀਆਂ ਚੋਣ ਰੈਲੀਆਂ ਵਿੱਚ ਦੇਸ਼ ਦੀਆਂ ਘੱਟਗਿਣਤੀਆਂ ਖਾਸ ਕਰਕੇ ਮੁਸਲਿਮ ਭਾਈਚਾਰੇ ਖਿਲਾਫ਼ ਕੀਤੀਆਂ ਜਾ ਰਹੀਆਂ ਨਫਰਤੀ, ਅਪਮਾਨਜਨਕ ਤੇ ਭੜਕਾਊ ਟਿੱਪਣੀਆਂ ਖਿਲਾਫ਼ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਮੰਚ ਵੱਲੋਂ ਹਰ ਸ਼ਨੀਵਾਰ ਨੂੰ ਨਫਰਤ ਭਾਵਨਾ ਖਿਲਾਫ਼ ਲੜੀਵਾਰ ਪ੍ਰਦਰਸ਼ਨਾਂ ਦਾ ਇਹ ਆਖਰੀ ਪ੍ਰਦਰਸ਼ਨ ਸੀ। ਇਸ ਮੌਕੇ ਮੰਚ ਸਮੇਤ ਸਹਿਯੋਗੀ ਜਥੇਬੰਦੀਆਂ ਦੇ ਵਰਕਰ ਹੱਥਾਂ ਵਿੱਚ ਮਾਟੋ ਤੇ ਬੈਨਰ ਲੈਕੇ ਸੜਕ ਦੇ ਕਿਨਾਰੇ ਇੱਕ ਘੰਟੇ ਤੱਕ ਫਿਰਕੂ-ਫ਼ਾਸ਼ੀਵਾਦ ਖਿਲਾਫ਼ ਅਤੇ ਲੋਕਾਂ ਦੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਦਾ ਸੁਨੇਹਾ ਦਿੰਦੇ ਰਹੇ।
ਜਥੇਬੰਦੀਆਂ ਦੇ ਵਰਕਰਾਂ ਵੱਲੋਂ ਨਰਿੰਦਰ ਮੋਦੀ ਅਤੇ ਭਾਜਪਾ ਸਮੇਤ ਫਿਰਕਾਪ੍ਰਸਤ ਤਾਕਤਾਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਇਕੱਤਰ ਹੋਏ ਲੋਕਾਂ ਨੂੂੰ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਵਜੋਂ ਨਰਿੰਦਰ ਮੋਦੀ (ਪ੍ਰਧਾਨ ਮੰਤਰੀ) ਵਲੋਂ ਘੱਟ ਗਿਣਤੀ ਧਾਰਮਿਕ ਫਿਰਕੇ ਨੂੰ ਨਿਸ਼ਾਨਾ ਬਣਾਉਂਦਿਆਂ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ ਬਿਆਨ ਦਿੱਤੇ ਹਨ ਜਿਨ੍ਹਾਂ ਦਾ ਇੱਕੋ ਇੱਕ ਮਕਸਦ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਲਈ ਬਹੁਗਿਣਤੀ ਭਾਈਚਾਰੇ ਦੀਆਂ ਵੋਟਾਂ ਵਟੋਰਨਾ ਹੈ। ਉਨ੍ਹਾਂ ਕਿਹਾ ਕਿ ਇੰਝ ਨੀਵੀਂ ਪੱਧਰ ਦੇ ਭਾਸ਼ਨਾਂ ਨਾਲ ਨਰਿੰਦਰ ਮੋਦੀ ਨਾ ਸਿਰਫ਼ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਯਾਦਾ ਭੰਗ ਕਰ ਰਿਹਾ ਹੈ ਸਗੋਂ ਚੋਣ ਕਮਿਸ਼ਨ ਦੇ ਸਥਾਪਤ ਨਿਯਮਾਂ ਨੂੂੰ ਵੀ ਪੈਰਾਂ ਹੇਠ ਲਿਤਾੜ ਰਿਹਾ ਹੈ। ਲੋਕਤੰਤਰੀ ਨਿਜ਼ਾਮ ਲਈ ਇਹ ਨਾ ਕਾਬਿਲੇ ਮੁਆਫ਼ ਗੁਣਾਹ ਹੈ।
ਯਾਦ ਰਹੇ ਨਰੇਂਦਰ ਮੋਦੀ ਵੱਲੋਂ ਹਿੰਦੂ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਮੁਸਲਿਮ ਘੱਟ ਗਿਣਤੀ ਖਿਲਾਫ ਇਤਰਾਜ਼ ਯੋਗ ਸ਼ਬਦਾਵਲੀ ਵਰਤੀ ਜਾ ਰਹੀ ਹੈ। ਕਿਤੇ ਉਹ ਹਿੰਦੂ ਔਰਤਾਂ ਦੇ ਮੰਗਲਸੂਤਰ ਲਹਾ ਕੇ ਮੁਸਲਿਮਾਂ ਤੇ ਜਹਾਦੀਆਂ ਨੂੰ ਦੇਣ ਦੇ ਖ਼ਤਰੇ ਦੀ ਗੱਲ ਕਰਦੇ ਹਨ, ਕਿਤੇ ਹੋਰ ਉਹ ਮੁਸਲਿਮਾ ਨੂੰ ਬਹੁਤੇ ਬੱਚੇ ਪੈਦਾ ਕਰਨ ਵਾਲੇ ਦੱਸਦੇ ਹਨ, ਕਿਤੇ ਯੂ ਪੀ ਵਿੱਚ ਆਪਣੀ ਹਾਰ ਦਾ ਮਤਲਬ ਰਾਮ ਮੰਦਰ 'ਤੇ ਬੁਲਡੋਜ਼ਰ ਚੱਲ ਜਾਵੇਗਾ ਦੱਸਦੇ ਹਨ। ਗੱਲ ਕੀ ਉਹ ਲਗਾਤਾਰ ਨਫ਼ਰਤ, ਹਿੰਸਾ ਤੇ ਫਿਰਕੂ ਤਣਾਓ ਨੂੰ ਖੁੱਲਾ ਸੱਦਾ ਦੇ ਰਹੇ ਹਨ। ਇਹ ਸਭ ਕੁਝ ਚੋਣ ਆਚਾਰ ਸੰਹਿਤਾ ਦੀ ਉਲੰਘਣਾ ਹੈ ਅਤੇ ਭਾਰਤ ਦੇ ਰਾਸ਼ਟਰਪਤੀ, ਚੋਣ ਕਮਿਸ਼ਨ ਤੇ ਸੁਪਰੀਮ ਕੋਰਟ ਤੋਂ ਮੋਦੀ ਦੇ ਇਨ੍ਹਾਂ ਬਿਆਨਾਂ ਦਾ ਸਖ਼ਤ ਨੋਟਿਸ ਲੈਣ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਫਿਰਕੂ ਤਾਕਤਾਂ ਨੂੰ ਭਾਂਜ ਦਿੱਤੀ ਜਾਵੇ।
ਇਸ ਮੌਕੇ ਲੋਕ ਚੇਤਨਾ ਮੰਚ ਦੇ ਸਕੱਤਰ ਹਰਭਗਵਾਨ ਗੁਰਨੇ, ਜਗਦੀਸ਼ ਪਾਪੜਾ, ਰਣਜੀਤ ਲਹਿਰਾ, ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਗੁਰਚਰਨ ਸਿੰਘ, ਬਿਜਲੀ ਮੁਲਾਜ਼ਮ ਮੰਚ ਦੇ ਆਗੂ ਪੂਰਨ ਸਿੰਘ ਖਾਈ, ਰਾਮਚੰਦਰ ਸਿੰਘ ਖਾਈ, ਫੀਲਡ ਵਰਕਰਜ਼ ਯੂਨੀਅਨ ਦੇ ਸੁਖਦੇਵ ਚੰਗਾਲੀਵਾਲਾ, ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਮਹਿੰਦਰ ਸਿੰਘ, ਸੁਖਜਿੰਦਰ ਲਾਲੀ, ਮਾਸਟਰ ਕੁਲਦੀਪ ਸਿੰਘ, ਭੀਮ ਸਿੰਘ ਲਹਿਰਾ, ਮਾਸਟਰ ਸਰਬਜੀਤ ਸਿੰਘ ਕਿਰਨਗਤ, ਤਰਸੇਮ ਚੰਦ ਗਿਦੜਿਆਣੀ, ਮੱਘਰ ਸਿੰਘ, ਦਰਸ਼ਨ ਸਿੰਘ ਸੰਧੂ, ਬਲਦੇਵ ਸਿੰਘ ਜਵਾਹਰਵਾਲਾ, ਮੇਜਰ ਲਹਿਰਾ ਆਦਿ ਪ੍ਰਦਰਸ਼ਨਕਾਰੀਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭਾਜਪਾ ਦੀਆਂ ਫਿਰਕੂ ਚੋਣ ਰੈਲੀਆਂ ਦਾ ਬਾਈਕਾਟ ਕਰਨ।