27 ਮਈ ਨੂੰ ਲੱਗੇਗਾ ਪ੍ਰਸਿੱਧ ਪਰੀਆਂ ਦਾ ਮੇਲਾ, ਰਾਤ ਨੂੰ ਹੋਵੇਗਾ ਜਾਗਰਣ
- ਜਾਗਰਣ ਦੀ ਸ਼ਾਨ ਦੇਖਣ ਯੋਗ ਹੋਵੇਗੀ :- ਹਰਵਿੰਦਰ ਸੋਨੀ
ਰੋਹਿਤ ਗੁਪਤਾ
ਗੁਰਦਾਸਪੁਰ 25 ਮਈ 2024 - ਸ਼ਿਵ ਦੁਰਗਾ ਕਲੱਬ ਦੌਦਵਾਂ ਰਜਿ ਦੀ ਇੱਕ ਵਿਸ਼ੇਸ਼ ਮੀਟਿੰਗ ਕਲੱਬ ਦੇ ਪ੍ਰਧਾਨ ਸ਼ੰਮੀ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਲੱਬ ਦੇ ਚੇਅਰਮੈਨ ਅਤੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਹਰਵਿੰਦਰ ਸੋਨੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਇਸ ਮੌਕੇ ਚੇਅਰਮੈਨ ਅਤੇ ਮੁੱਖੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪਰੀਆਂ ਦਾ ਮੇਲਾ ਵਿਸ਼ਵ ਪ੍ਰਸਿੱਧ ਮੇਲਾ ਹੈ, ਜਿਸ ਵਿਚ ਦੇਸ਼-ਵਿਦੇਸ਼ ਤੋਂ ਸੰਗਤਾ ਸ਼ਿਰਕਤ ਕਰਨ ਲਈ ਆਉਂਦੀਆਂ ਹਨ ਅਤੇ ਇਸ ਮੇਲੇ ਵਿਚ ਕਲੱਬ ਮੈਂਬਰ ਮਰਹੂਮ ਕਮਲ ਸ਼ਰਮਾ ਦੀ ਅਗਵਾਈ ਵਿਚ ਪਿਛਲੇ 33 ਸਾਲਾਂ ਤੋਂ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ ਅਤੇ ਮਾਤਾ ਰਾਣੀ ਦੀ ਇੱਛਾ ਅਨੁਸਾਰ ਭਵਿੱਖ ਵਿੱਚ ਵੀ ਕਰਦੇ ਰਹਿਣ ਦਾ ਸੰਕਲਪ ਲਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਦੇ ਇਤਿਹਾਸ ਅਨੁਸਾਰ ਇੱਕ ਕਥਾ ਹੈ ਕਿ ਹਰ ਸਾਲ ਮੇਲੇ ਦੌਰਾਨ ਇੱਥੇ ਸਥਿਤ ਪਰੀ ਮੰਦਿਰ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਸਵਰਗ ਤੋਂ ਪਰੀਆਂ ਆਉਂਦੀਆਂ ਹਨ ਅਤੇ ਉਨ੍ਹਾਂ ਦੇ ਆਉਣ ਦੀ ਪੁਸ਼ਟੀ ਇਸ ਗੱਲ ਤੋਂ ਹੁੰਦੀ ਹੈ ਕਿ ਅਚਾਨਕ ਮੌਸਮ ਬਦਲ ਜਾਂਦਾ ਹੈ ਅਤੇ ਤੇਜ਼ ਹਵਾਵਾਂ ਚੱਲਣ ਲੱਗ ਪੈਂਦੀਆਂ ਹਨ ਅਤੇ ਮੰਦਰ ਦੇ ਪਰਿਸਰ ਵਿੱਚ ਹਨੇਰੀ, ਝੱਖੜ ਅਤੇ ਭਾਰੀ ਬਾਰਸ਼ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਕਿ ਆਲੇ-ਦੁਆਲੇ ਦਾ ਮੌਸਮ ਪੂਰੀ ਤਰ੍ਹਾਂ ਸ਼ਾਂਤ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਲੋਕ ਮੰਦਰ ਵਿਚ ਕਣਕ ਦਾ ਪ੍ਰਸ਼ਾਦ ਚੜ੍ਹਾਉਂਦੇ ਹਨ ਅਤੇ ਫਲਾਂ ਦੇ ਨਾਲ-ਨਾਲ ਕਣਕ ਦਾ ਪ੍ਰਸ਼ਾਦ ਵੀ ਸ਼ਰਧਾਲੂਆਂ ਵਿਚ ਵੰਡਿਆ ਜਾਂਦਾ ਹੈ ਅਤੇ ਲੋਕ ਉਸ ਪ੍ਰਸ਼ਾਦ ਨੂੰ ਆਪਣੇ ਘਰਾਂ ਵਿਚ ਲੈ ਕੇ ਜਾਂਦੇ ਹਨ ਅਤੇ ਆਪਣੇ ਰਾਸ਼ਨ ਵਿਚ ਮਿਲਾ ਲੈਂਦੇ ਹਨ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਹਮੇਸ਼ਾ ਖੁਸ਼ਹਾਲੀ ਅਤੇ ਘਰ ਵਿੱਚ ਬਰਕਤਾਂ ਰਹਿੰਦੀਆਂ ਹਨ।
ਉਨ੍ਹਾਂ ਕਿਹਾ ਕਿ ਜਾਗਰਣ ਦੌਰਾਨ ਪੂਰਨ ਮਰਿਆਦਾ ਦਾ ਪਾਲਣ ਕੀਤਾ ਜਾਂਦਾ ਹੈ ਅਤੇ ਕੇਵਲ ਭੇਟਾ ਗਾ ਕੇ ਮਾਤਾ ਰਾਣੀ ਦਾ ਗੁਣਗਾਨ ਕੀਤਾ ਜਾਂਦਾ ਹੈ।ਇਸ ਵਿੱਚ ਸੂਫ਼ੀ ਕਲਾਮ, ਕੱਵਾਲੀਆਂ ਅਤੇ ਕਰੰਸੀ ਦੇ ਨੋਟ ਸੁੱਟਣ ਦੀ ਸਖ਼ਤ ਮਨਾਹੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਨਾਤਨ ਦਾ ਸਹੀ ਉਪਦੇਸ਼ ਮਿਲ ਸਕੇ।ਇਸ ਜਾਗਰਣ ਬਾਰੇ ਧਾਰਨਾ ਹੈ ਕਿ ਬਹੁਤ ਸਾਰੀਆਂ ਔਰਤਾਂ ਵਿੱਚ ਪਰੀਆਂ ਦਾ ਪ੍ਰਵੇਸ਼ ਹੁੰਦਾ ਹੈ ਅਤੇ ਉਨ੍ਹਾਂ ਵਿੱਚ ਮਾਤਾ ਦੀ ਚੌਂਕੀ ਆ ਜਾਂਦੀ ਹੈ।
ਇਸ ਵਾਰ ਇਸ ਜਾਗਰਣ 'ਚ ਜੰਮੂ ਦੀ ਪ੍ਰਸਿੱਧ ਜਾਗਰਣ ਗਾਇਕਾ ਵਰਸ਼ਾ ਜਾਮਵਾਲ ਅਤੇ ਛੋਟੀ ਉਮਰ 'ਚ ਭਜਨ ਗਾਇਕੀ ਦੇ ਖੇਤਰ 'ਚ ਵੱਡਾ ਨਾਮ ਕਮਾਉਣ ਵਾਲੇ ਯਾਦਵੰਸ਼ੀ ਬ੍ਰਦਰਜ਼ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਵੱਡੀਆਂ ਸਿਆਸੀ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਹਾਜ਼ਰੀਆਂ ਭਰਨਗੀਆਂ।
ਇਸ ਮੌਕੇ ਜਗਜੀਵਨ, ਰਮਨ ਸ਼ਰਮਾ, ਸ਼ੁਭਮ ਗੁਪਤਾ, ਸਤਨਾਮ ਸਿੰਘ, ਉੱਤਮ ਚੰਦ, ਮਾਸਟਰ ਤਰਲੋਕ ਚੰਦ, ਰੋਹਿਤ ਸੈਣੀ, ਕਰਨੈਲ ਸਿੰਘ, ਹਰਦੀਪ ਸੈਣੀ, ਰਾਜੀਵ ਸ਼ਰਮਾ, ਰਜਤ ਸੈਣੀ, ਪਰਮਜੀਤ ਰਾਜਾ, ਜਵਾਹਰ ਲਾਲ, ਰਜਿੰਦਰ ਕੁਮਾਰ, ਕਰਨ ਸੈਣੀ, ਰੌਣਕੀ ਸੈਣੀ ਅਤੇ ਦਵਿੰਦਰ ਕੁਮਾਰ, ਭੀਮ ਸੈਣੀ ਆਦਿ ਹਾਜ਼ਰ ਸਨ।