ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 7 ਜਨਵਰੀ 2021 - ਆਮ ਆਦਮੀ ਪਾਰਟੀ ਦੇ ਹਲ਼ਕਾ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਸਮੂਹ ਵਲੰਟੀਅਰਾਂ ਤੇ ਹੋਰ ਸਰਗਰਮ ਆਗੂਆਂ ਦੀ ਨਗਰ ਕੌਸਲ ਚੋਣਾਂ ਦੀਆਂ ਤਿਆਰੀਆਂ ਲਈ ਵਿਸ਼ੇਸ਼ ਮੀਟਿੰਗ ਸੁਲਤਾਨਪੁਰ ਲੋਧੀ ਦੇ ਇੱਕ ਪੈਲਸ ਚ ਜਿਲ੍ਹਾ ਕਪੂਰਥਲਾ ਦੇ ਆਪ ਦੇ ਪ੍ਰਧਾਨ ਗੁਰਪਾਲ ਸਿੰਘ ਦੀ ਦੇਖਰੇਖ ਚ ਹੋਈ ।ਜਿਸ ਵਿੱਚ ਆਪ ਦੇ ਪੰਜਾਬ ਦੇ ਇੰਚਾਰਜ ਸ਼੍ਰ. ਜਰਨੈਲ ਸਿੰਘ ਵਿਧਾਇਕ ਦਿੱਲੀ ਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸ਼੍ਰ. ਹਰਪਾਲ ਸਿੰਘ ਚੀਮਾ , ਵਿਧਾਇਕ ਕੁਲਵੰਤ ਸਿੰਘ ਪੰਡੋਰੀ , ਤੇ ਜਾਇੰਟ ਸੈਕਟਰੀ ਹਰਵਿੰਦਰ ਸਿੰਘ ਬਖਸ਼ੀ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਸੰਬੋਧਨ ਕੀਤਾ ।
ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਆਪਣੇ ਸੰਬੋਧਨ ਚ ਪਾਰਟੀ ਵਲੰਟੀਅਰਾਂ ਚ ਸਥਾਨਕ ਸਰਕਾਰਾਂ ਵਿਭਾਗ ਦੀਆਂ ਆ ਰਹੀਆਂ ਚੋਣਾਂ ਲਈ ਡਟ ਕੇ ਮਿਹਨਤ ਕਰਨ ਤੇ ਦਿੱਲੀ ਚ ਮੁੱਖ ਮੰਤਰੀ ਅਰਵਿੰਦ ਕੇਜਰੀ ਦੀ ਅਗਵਾਈ ਚ ਆਪ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਨਤਾ ਨੂੰ ਜਾਣਕਾਰੀ ਦੇਣ ਲਈ ਪ੍ਰੇਰਨਾ ਕੀਤੀ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਰਪੋਰੇਸ਼ਨ ਤੇ ਨਗਰ ਕੌਸਲ ਚੋਣਾਂ ਦੀਆਂ ਸਾਰੇ 113 ਵਾਰਡਾਂ ਦੀਆਂ ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ ਤੇ ਸ਼ਾਨਦਾਰ ਜਿੱਤ ਹਾਸਲ ਕਰੇਗੀ ।ਉਨ੍ਹਾਂ ਦੱਸਿਆ ਕਿ ਸਾਰੇ ਵਾਰਡਾਂ ਤੋਂ ਪਾਰਟੀ ਦੇ ਸਾਫ ਸੁਥਰੇ ਅਕਸ਼ ਵਾਲੇ ਚੰਗੇ ਕਿਰਦਾਰ ਵਾਲੇ ਮਿਹਨਤੀ ਵਰਕਰਾਂ ਨੂੰ ਕਾਰਪੋਰੇਸ਼ਨ ਚੋਣਾਂ ਲਈ ਟਿਕਟਾਂ ਦਿੱਤੀਆਂ ਜਾਣਗੀਆਂ ਤੇ ਸਭ ਤੋਂ ਪਹਿਲਾਂ ਸਥਾਨਕ ਸਰਕਾਰ ਵਿਭਾਗ ਤੇ ਚੋਣਾਂ ਜਿੱਤ ਕੇ ਆਪ ਦੀ ਸਰਕਾਰ ਬਣਾਈ ਜਾਵੇਗੀ ।
ਉਨ੍ਹਾਂ ਦੱਸਿਆ ਕਿ 2017 ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਪੰਜਾਬ ਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਤੇ 100 ਸਾਲ ਪੁਰਾਣੀ ਪਾਰਟੀ ਅਕਾਲੀ ਦਲ ਤੇ ਭਾਜਪਾ ਨੂੰ ਪੰਜਾਬ ਦੇ ਨਕਸ਼ੇ ਤੋਂ ਬਾਹਰ ਕਰ ਦਿੱਤਾ । ਉਨ੍ਹਾਂ ਦਾਅਵਾ ਕੀਤਾ ਕਿ 2022 ਵਿੱਚ ਆਪ ਦੀ ਪੰਜਾਬ ਚ ਸਰਕਾਰ ਬਣੇਗੀ ਤੇ ਇਸ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ ।ਉਨ੍ਹਾਂ ਦਿੱਲੀ ਚ ਚੱਲ ਰਹੇ ਕਿਸਾਨ ਅੰਦੋਲਨ ਦੀ ਸਫਲਤਾ ਲਈ ਅਰਦਾਸ ਕਰਦਿਆਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਦੀ ਸਹੂਲਤ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ।ਉਨ੍ਹਾਂ ਕਿਹਾ ਕਿ ਜਿੱਥੇ ਲੋਕ ਅਕਾਲੀ, ਭਾਜਪਾ ਤੋਂ ਅੱਕ ਚੁੱਕੇ ਹਨ ਉੱਥੇ ਗੁਟਕਾ ਸਾਹਿਬ ਹੱਥ ਚ ਫੜ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਵਾਲੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਨੂੰ ਵੀ ਲੋਕ 2022 ਚ ਸਬਕ ਸਿਖਾਉਣਗੇ ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ 1992 ਚ ਪੰਜਾਬ ਸਿਰ ਕਰਜਾ ਸਿਰਫ 3000 ਕਰੋਡ਼ ਰਹਿ ਗਿਆ ਸੀ ਪਰ ਅੱਜ ਪੌਣੇ 3 ਲੱਖ ਕਰੋਡ਼ ਰੁਪਏ ਦਾ ਪੰਜਾਬ ਸਿਰ ਕਰਜਾ ਚੜ੍ਹ ਗਿਆ ਹੈ ।