ਹਰਜਿੰਦਰ ਸਿੰਘ ਭੱਟੀ
- ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਨੇ ਡਾਇਰੈਕਟਰ ਪੀ.ਆਰ.ਸੀ ਨੂੰ ਸੌਂਪਿਆ 25 ਲੱਖ ਰੁਪਏ ਦਾ ਚੈੱਕ
- ਮੁੱਖ ਮੰਤਰੀ ਪੰਜਾਬ ਦੇ ਕੋਟੇ ਵਿੱਚੋਂ ਪੈਰਾਪਲੇਜਿਕ ਪੁਨਰਵਾਸ ਕੇਂਦਰ ਚ ਵਿਸ਼ਵ ਅਪੰਗਤਾ ਦਿਵਸ ਮੌਕੇ ਸੋਲਰ ਹੀਟਿੰਗ ਸਿਸਟਮ ਲਗਾਉਣ ਲਈ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਸੀ ਐਲਾਨ
- ਮੋਹਾਲੀ ਪਿੰਡ ਵਿਖੇ ਗੇਟ ਬਣਾਉਣ ਅਤੇ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ
- ਲੋਹੜੀ ਦੇ ਤਿਉਹਾਰ ਦੀਆਂ ਦਿੱਤੀਆਂ ਵਧਾਈਆਂ
ਐਸ.ਏ.ਐਸ ਨਗਰ, 9 ਜਨਵਰੀ 2021 - ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਪੈਰਾਪਲੇਜਿਕ ਪੁਨਰਵਾਸ ਕੇਂਦਰ (ਪੀ.ਆਰ.ਸੀ)ਵਿਖੇ 03 ਦਸੰਬਰ ਨੂੰ ਵਿਸ਼ਵ ਅਪੰਗਤਾ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਪੈਰਾਪਲੇਜਿਕ ਪੁਨਰਵਾਸ ਕੇਂਦਰ ਚ ਸੋਲਰ ਹੀਟਿੰਗ ਪਲਾਂਟ ਲਗਾਉਣ ਲਈ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਸੀ ।
ਬਲਬੀਰ ਸਿੰਘ ਸਿੱਧੂ ਨੇ ਅੱਜ ਪੈਰਾਪਲੇਜਿਕ ਪੁਨਰਵਾਸ ਕੇਂਦਰ (ਪੀ.ਆਰ.ਸੀ) ਵਿਖੇ ਪਹੁੰਚ ਕੇ ਡਾਇਰੈਕਟਰ ਪੀ.ਆਰ.ਸੀ ਕਰਨਲ ਗੁਰਕੀਰਤ ਸਿੰਘ ਨਾਗਰਾ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਅਖਤਿਆਰ ਕੋਟੇ ਚੋਂ 25 ਲੱਖ ਰੁਪਏ ਦਾ ਚੈੱਕ ਸੌਂਪਿਆਂ । ਇਸ ਮੌਕੇ ਕਰਵਾਏ ਸਾਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਦੇਸ਼ ਦੀ ਰੱਖਿਆ ਕਰਨ ਵਾਲੇ ਮਹਾਨ ਸੂਰਬੀਰ ਜੋ ਮੁਸ਼ਕਲਾਂ ਭਰੇ ਸਮੇਂ ਦੌਰਾਨ ਆਪਣੀ ਡਿਊਟੀ ਨਿਭਾਉਂਦੇ ਸਮੇਂ ਪੈਰਾਪਲੇਜਿਕ ਹੋ ਗਏ ਹਨ ਨੂੰ ਆਉਂਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਤੇ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਹ ਸੂਰਬੀਰ ਸਾਡੇ ਦੇਸ਼ ਦੀ ਆਨ ਬਾਨ ਅਤੇ ਸ਼ਾਨ ਹਨ । ਉਨ੍ਹਾਂ ਦੱਸਿਆ ਕਿ ਇਹ ਸੂਰਬੀਰ ਪੈਰਾਪਲੇਜਿਕ ਹੋਣ ਦੇ ਬਾਵਜੂਦ ਵੀ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਸਮਰੱਥ ਬਣੇ ਹੋਏ ਹਨ ਅਤੇ ਇਥੇ ਵੱਖ ਵੱਖ ਹੁਨਰ ਦੇ ਕਿੱਤੇ ਕਰ ਰਹੇ ਹਨ ।
ਸਿੱਧੂ ਨੇ ਇਸ ਮੌਕੇ ਸਭ ਨੂੰ ਨਵੇਂ ਸਾਲ ਅਤੇ ਲਹੋੜੀ ਦੀਆਂ ਵਧਾਈਆਂ ਵੀ ਦਿੱਤੀਆਂ ।
ਇਸ ਮੌਕੇ ਡਾਇਰੈਕਟਰ ਪੀ.ਆਰ.ਸੀ ਕਰਨਲ ਨਾਗਰਾ ਨੇ ਦੱਸਿਆ ਕਿ ਪੀ.ਆਰ.ਸੀ ਸੰਸਥਾ ਦਾ ਬਿਜਲੀ ਦਾ ਖਰਚਾ ਬਹੁਤ ਜ਼ਿਆਦਾ ਆਉਂਦਾ ਸੀ । ਜਿਸ ਦਾ ਹੱਲ ਸੋਲਰ ਹੀਟਿੰਗ ਸਿਸਟਮ ਲਗਾਉਣ ਨਾਲ ਹੋ ਜਾਵੇਗਾ । ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।
ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ।
ਇਸ ਤੋਂ ਪਹਿਲਾਂ ਸ. ਬਲਬੀਰ ਸਿੰਘ ਸਿੱਧੂ ਵੱਲੋਂ ਪਿੰਡ ਮੋਹਾਲੀ ਦਾ ਸੁੰਦਰੀਕਰਣ ਕਰਨ ਲਈ ਪਿੰਡ ਮੋਹਾਲੀ ਦੇ ਗੇਟ ਬਣਾਉਣ ਅਤੇ ਸੜਕ ਦੇ ਨਾਲ -ਨਾਲ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸੁਰੂਆਤ ਕਰਵਾਈ ।
ਇਸ ਮੌਕੇ ਸ. ਸਿੱਧੂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਨੀਂਹ ਪੱਥਰ ਪਿੰਡ ਮੋਹਾਲੀ ਦੇ ਨਜ਼ਦੀਕ ਹੀ ਰੱਖਿਆ ਗਿਆ ਸੀ । ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆਪਣੇ - ਆਪ ਚ ਇਕ ਵੱਡਾ ਤੇ ਵਿਸ਼ਵ ਪ੍ਰਸਿੱਧ ਸ਼ਹਿਰ ਬਣ ਗਿਆ ਹੈ ਪਰ ਇਸ ਸ਼ਹਿਰ ਨੂੰ ਛੋਟੇ ਨਾਮ ਮੋਹਾਲੀ ਜੋ ਕਿ ਇਸ ਪਿੰਡ ਦਾ ਨਾਮ ਹੈ ਤੋਂ ਵੀ ਜਾਣਿਆਂ ਜਾਂਦਾ ਹੈ। ਮੋਹਾਲੀ ਨਾਮ ਦੀ ਪ੍ਰਸਿੱਧੀ ਦੇ ਮੱਦੇ ਨਜ਼ਰ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਮੋਹਾਲੀ ਪਿੰਡ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਇਸ ਦੀ ਦਿੱਖ ਸ਼ਹਿਰ ਦੀ ਸੁੰਦਰਤਾ ਵਾਂਗ ਬਣਾਈ ਜਾਵੇਗੀ ।
ਇਸ ਮੌਕੇ ਸ. ਸਿੱਧੂ ਦੇ ਸਿਆਸੀ ਸਲਾਹਕਾਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਸ. ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਨਰੈਣ ਸਿੰਘ ਸਿੱਧੂ, ਨੱਛਤਰ ਸਿੰਘ ਨੰਬਰਦਾਰ, ਰਵਿੰਦਰ ਸਿੰਘ, ਲਖਵੀਰ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜ਼ੂਦ ਸਨ।