ਜੀ ਐਸ ਪੰਨੂ
ਪਟਿਆਲਾ, 9 ਜਨਵਰੀ 2021 : ਪੰਜਾਬ ਵਿਚ ਹਾਲ ਹੀ ‘ਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੋਰ ਕਮੇਟੀ ਮੈਂਬਰ ਮਾਸਟਰ ਬੁੱਧ ਰਾਮ ਪਾਰਟੀ ਦੇ ਪਟਿਆਲਾ ਸ਼ਹਿਰੀ ਦਫਤਰ ‘ਚ ਅਚਾਨਕ ਪੁੱਜੇ। ਇੱਥੇ ਉਨਾਂ ਨੇ ਕੁਝ ਸੀਨੀਅਰ ਚੋਣਵੇਂ ਆਗੂਆਂ ਨਾਲ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਅਤੇ ਕੁਝ ਦਿਸਾ਼ ਨਿਰਦੇਸ਼ ਜਾਰੀ ਕੀਤੇ। ਇਸ ਦੋਰਾਨ ਮਾਸਟਰ ਬੁੱਧ ਰਾਮ ਨੇ ਕਿਹਾ ਕਿ ਇਨਾਂ ਚੋਣਾ ਦੌਰਾਨ ਪੰਜਾਬ ਦੇ ਵੋਟਰ ਮੌਜੂਦਾ ਸੱਤਾ ਧਿਰ ਕਾਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਮੂੰਹ ਨਹੀਂ ਲਾਉਣਗੇ।
ਉਨਾਂ ਕਿਹਾਕਿ ਇਹ ਤਿੰਨੇ ਪਾਰਟੀਆਂ ਲੋਕ ਵਿਰੋਧੀ ਹਨ। ਇਨਾਂ ਤਿੰਨਾਂ ਪਾਰਟੀਆਂ ਨੇ ਹੀ ਕਿਸਾਨ ਵਿਰੋਧੀ ਬਿੱਲਾਂ ਨੂੰ ਅੰਜ਼ਾਮ ਦਿੱਤਾ ਹੈ, ਜਿਨਾਂ ਦੀ ਬਦੌਲਤ ਕਿਸਾਨ ਦਿੱਲੀ ਦੀਆਂ
ਸਰਹੱਦਾਂ ਤੇ ਠੰਡ ਦੀ ਸਰਦ ਰੁੱਤ ਵਿਚ ਬੈਠੈ ਹਨ। ਉਨਾਂ ਕਿਹਾ ਕਿ ਜੇਕਰ ਸੁਰੂ ਤੋਂ ਹੀ ਇਹ ਪਾਰਟੀਆਂ ਦੇ ਆਗੂ ਬਿੱਲਾਂ ਦੀ ਹਿਮਾਇਤ ਨਾ ਕਰਦੇ ਤਾਂ ਇਹ ਕਿਸਾਨ ਵਿਰੋਧੀ ਕਾਨੂੰਨ
ਬਣਦੇ ਹੀ ਨਾ, ਇਸ ਲਈ ਹੁਣ ਮਗਰਮੱਛ ਦੇ ਹੰਝੂ ਵਹਾਉਣ ਦਾ ਕੋਈ ਫਾਇਦਾ ਹੀ ਨਹੀਂ ਹੈ। ਉਨਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਵੀ ਕਾਗਰਸ ਸਰਕਾਰ ਨੇ ਕਿਸਾਨ ਵਿਰੋਧੀ ਕੰਮ ਕਰਨੇ ਸੁਰੂ ਕਰ ਦਿੱਤੇ ਹਨ, ਜਿਸ ਤਹਿਤ ਕਿਸਾਨਾਂ ਤੇ ਪਰਚੇ ਦਰਜ਼ ਹੋ ਰਹੇ ਹਨ।
ਮਾਸਟਰ ਬੁੱਧ ਰਾਮ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੇ ਭਾਜਪਾ ਆਗੂ ਗ਼ਲਤ ਤਰੀਕੇ ਨਾਲ ਉਕਸਾ ਰਹੇ ਹਨ। ਜਦਕਿ ਪੰਜਾਬ ਦੀ ਕਾਂਗਰਸ ਸਰਕਾਰ ਵੀ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ। ਇਸ ਤਰਾਂ ਅਕਾਲੀ ਦਲ ਦੀ ਸਾਂਸਦ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਨਾਂ ਕਾਨੂੰਨਾ ਤੇ ਦਸਤਖਤ ਕੀਤੇ ਹਨ। ਜਦਕਿ ਹੁਣ ਇਹ ਲੋਕਾਂ ਅੱਗੇ ਕਿਸਾਨ ਵੋਟ ਬੈਂਕ ਦੇ ਮੱਦੇਨਜ਼ਰ ਮਗਰਮੱਛ ਦੇ ਹੰਝੁੂ ਵਹਾ ਰਹੇ ਹਨ। ਇਸ ਦੌਰਾਨ ਜ਼ਿਲ੍ਹਾ ਪਟਿਆਲਾ ਅਧੀਨ ਆਉਦੀਆਂ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਦਫਤਰ ਵਿਖੇ ਚਾਰੇ ਬਲਾਕ ਪ੍ਰਧਾਨਾਂ ਰਾਜਿੰਦਰ ਮੋਹਨ, ਸੁਸੀਲ ਮਿੱਡਾ, ਰਾਜਬੀਰ ਸਿੰਘ, ਜਸਵਿੰਦਰ ਸਿੰਘ ਰਿੰਪਾ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਕਨਵੀਨਰ ਕੁੰਦਨ ਗੋਗੀਆ, ਸਿਮਰਨਪ੍ਰੀਤ ਸਿੰਘ, ਸੁਰਿੰਦਰ ਸਿੰਘ ਕਟੋਚ, ਸੰਜੇ ਸੈਣੀ, ਵਿਨੈ ਸਰਵਰੀਆ ਅਤੇ ਹੋਰ ਸੱਜਣ ਵੀ ਮੌਜੂਦ ਰਹੇ।