ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 12 ਜਨਵਰੀ 2021 - ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ 20 ਜਨਵਰੀ ਨੂੰ ਹੋ ਰਹੇ ਸਹੁੰ ਚੁੱਕ ਸਮਾਗਮ ਲਈ ਰਾਜਧਾਨੀ ਦੇ ਸੁਰੱਖਿਆ ਬਲਾਂ ਵਿਚ ਸ਼ਾਮਲ ਹੋਣ ਲਈ ਨਿਊਯਾਰਕ ਪੁਲਿਸ ਵਿਭਾਗ ਘੱਟੋ ਘੱਟ 200 ਅਧਿਕਾਰੀਆਂ ਨੂੰ ਭੇਜ ਰਿਹਾ ਹੈ।ਵਾਸ਼ਿੰਗਟਨ ਪੁਲਿਸ ਅਧਿਕਾਰੀਆਂ ਅਨੁਸਾਰ ਮੈਟਰੋਪੋਲੀਟਨ ਪੁਲਿਸ ਵਿਭਾਗ ਦੀ ਬੇਨਤੀ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਇਹ ਦਸਤਾ ਬਾਈਡੇਨ ਦੇ ਰਸਤੇ ਨੂੰ ਸੁਰੱਖਿਅਤ ਕਰਨ ਵਿੱਚ ਸਹਾਇਤਾ ਕਰੇਗਾ।ਟਰੰਪ ਦੇ ਹਮਾਇਤੀਆਂ ਵੱਲੋਂ ਰਾਜਧਾਨੀ ਵਿੱਚ ਹਿੰਸਕ ਹਮਲੇ ਕੀਤੇ ਜਾਣ ਤੋਂ ਬਾਅਦ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਰੋਹ ਲਈ ਵੀ ਇਸ ਤਰ੍ਹਾਂ ਦੇ ਪ੍ਰਦਰਸ਼ਨ ਦਾ ਖਦਸ਼ਾ ਹੈ।
ਇਸ ਲਈ ਸੁਰੱਖਿਆ ਕਾਰਨਾਂ ਕਰਕੇ ਐਸੋਸੀਏਟਡ ਪ੍ਰੈਸ ਦੇ ਅਨੁਸਾਰ ਦੇਸ਼ ਦੇ ਛੇ ਰਾਜਾਂ ਵਰਜੀਨੀਆ, ਪੈਨਸਿਲਵੇਨੀਆ, ਨਿਊਯਾਰਕ, ਨਿਊਰਸੀ, ਡੇਲਾਵੇਅਰ ਅਤੇ ਮੈਰੀਲੈਂਡ ਵਿੱਚੋਂ ਨੈਸ਼ਨਲ ਗਾਰਡਾਂ ਦੇ ਲੱਗਭਗ 6,200 ਮੈਂਬਰ ਅਗਲੇ ਕੁੱਝ ਦਿਨਾਂ ਲਈ ਵਾਸ਼ਿੰਗਟਨ ਵਿੱਚ ਕੈਪੀਟਲ ਪੁਲਿਸ ਅਤੇ ਹੋਰ ਕਾਨੂੰਨੀ ਪ੍ਰਣਾਲੀਆਂ ਦੀ ਸਹਾਇਤਾ ਕਰਨਗੇ। ਰਾਜਧਾਨੀ ਵਿੱਚ ਸੁਰੱਖਿਆ ਲਈ ਲੱਗਭਗ ਦੋ ਹਫ਼ਤੇ ਪਹਿਲਾਂ, ਐਨ.ਵਾਈ.ਪੀ.ਡੀ ਦੀ ਹਰ ਕਮਾਂਡ ਵਿੱਚੋਂ 17 ਤੋਂ 21 ਜਨਵਰੀ ਤੱਕ ਵਾਸ਼ਿੰਗਟਨ ਵਿੱਚ ਰਾਸ਼ਟਰਪਤੀ ਉਦਘਾਟਨੀ ਟਾਸਕ ਫੋਰਸ ਵਿੱਚ ਸ਼ਾਮਲ ਹੋਣ ਲਈ ਤਿੰਨ ਅਧਿਕਾਰੀਆਂ ਨੂੰ ਭੇਜਣ ਲਈ ਕਿਹਾ ਗਿਆ ਸੀ।
ਸਾਲ 2021 ਦਾ ਇਹ ਮਹੱਤਵਪੂਰਨ ਉਤਸਵ ਕੋਵਿਡ-19 ਮਹਾਂਮਾਰੀ ਦੇ ਕਾਰਨ ਆਮ ਨਾਲੋਂ ਬਹੁਤ ਛੋਟੇ ਪੱਧਰ ਤੇ ਆਯੋਜਿਤ ਕੀਤਾ ਜਾਵੇਗਾ, ਇਸ ਸੰਬੰਧੀ ਬਾਈਡੇਨ ਨੇ ਵੀ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੌਰਾਨ ਡੀ.ਸੀ. ਦੀ ਯਾਤਰਾ ਤੋਂ ਗੁਰੇਜ਼ ਕਰਨ ਅਤੇ ਵਾਸ਼ਿੰਗਟਨ ਡੀ.ਸੀ. ਦੀ ਮੇਅਰ ਮੂਰੀਅਲ ਬਾਓਸਰ ਨੇ ਵੀ ਫੈਡਰਲ ਅਧਿਕਾਰੀਆਂ ਨੂੰ ਇਸ ਸਮਾਰੋਹ ਤੋਂ ਪਹਿਲਾਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਲਈ ਕਿਹਾ ਹੈ।