ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 12 ਜਨਵਰੀ 2021 - ਕੈਲੀਫੋਰਨੀਆ ਦਾ ਇੱਕ ਹਸਪਤਾਲ ਜਿਸ ਵਿੱਚ ਕ੍ਰਿਸਮਸ ਵਾਲੇ ਦਿਨ ਇੱਕ ਕਰਮਚਾਰੀ ਦੁਆਰਾ ਹਵਾ ਨਾਲ ਭਰਨ ਵਾਲੀ ਇੱਕ ਖਾਸ ਕ੍ਰਿਸਮਸ ਪੋਸ਼ਾਕ ਪਹਿਨਣ ਤੋਂ ਬਾਅਦ ਕੋਰੋਨਾਂ ਵਾਇਰਸ ਫੈਲਿਆ ਸੀ , ਨੂੰ ਹੁਣ 43,000 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਸੰਬੰਧੀ ਸੈਂਟਾ ਕਲਾਰਾ ਕਾਉਂਟੀ ਦੇ ਅਧਿਕਾਰੀਆਂ ਨੇ ਕੈਸਰ ਪਰਮਾਨੈਂਟ ਸੈਨ ਜੋਸ ਹਸਪਤਾਲ ਨੂੰ ਸ਼ੁਰੂਆਤੀ ਤੌਰ 'ਤੇ ਜ਼ਰੂਰੀ ਵਾਇਰਸ ਦੇ ਪ੍ਰਕੋਪ ਦੀ ਰਿਪੋਰਟ ਕਰਨ ਵਿੱਚ ਅਸਫਲ ਰਹਿਣ 'ਤੇ 43,000 ਡਾਲਰ ਦਾ ਜ਼ੁਰਮਾਨਾ ਲਗਾਇਆ ਹੈ ਜੋ ਕਿ ਇਸਦੇ ਸ਼ੁਰੂਆਤੀ 43 ਕੇਸਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਹਰੇਕ ਲਈ 1000 ਡਾਲਰ ਦੇ ਹਿਸਾਬ ਨਾਲ ਲਗਾਇਆ ਗਿਆ ਹੈ।
ਇੱਕ ਰਿਪੋਰਟ ਅਨੁਸਾਰ 25 ਦਸੰਬਰ ਨੂੰ ਹਸਪਤਾਲ ਦੇ ਐਮਰਜੈਂਸੀ ਕਮਰੇ ਵਿੱਚ ਖਾਸ ਪੁਸ਼ਾਕ ਪਹਿਣੇ ਹੋਏ ਇੱਕ ਕਰਮਚਾਰੀ ਦੇ ਆਉਣ ਤੋਂ ਬਾਅਦ ਘੱਟੋ ਘੱਟ ਹਸਪਤਾਲ ਦੇ 60 ਕਰਮਚਾਰੀਆਂ ਦੇ ਸੰਕਰਮਿਤ ਹੋਣ ਦੇ ਨਾਲ ਇੱਕ ਦੀ ਮੌਤ ਹੋ ਗਈ ਸੀ। ਵਾਇਰਸ ਦੇ ਇਸ ਪ੍ਰਕੋਪ ਦੇ ਸੰਬੰਧ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਪਹਿਰਾਵੇ ਦੇ ਅੰਦਰਲੇ ਇੱਕ ਪੱਖੇ ਨੂੰ ਵਾਇਰਸ ਦੇ ਫੈਲਣ ਦਾ ਸੰਭਾਵਿਤ ਕਾਰਨ ਮੰਨਿਆ ਜਾਂਦਾ ਹੈ। ਹਸਪਤਾਲ ਵਿੱਚ ਪਹਿਲੇ ਕੋਵਿਡ -19 ਦੇ ਕੇਸ 27 ਦਸੰਬਰ ਨੂੰ ਸਾਹਮਣੇ ਆਏ ਸਨ ਅਤੇ ਲਾਗ ਵਿੱਚ ਵਾਧੇ ਦੀ ਗਤੀ ਨੇ ਕਰਮਚਾਰੀ ਦੁਆਰਾ ਪਾਈ ਹੋਈ ਪੁਸ਼ਾਕ ਦਾ ਵਾਇਰਸ ਦੇ ਫੈਲਣ ਨਾਲ ਕੁਨੈਕਸ਼ਨ ਬਾਰੇ ਸਵਾਲ ਖੜੇ ਕੀਤੇ ਸਨ। ਇਸ ਹਸਪਤਾਲ ਦੀ ਹੁਣ ਡੂੰਘੀ ਸਫਾਈ ਦੀ ਪ੍ਰਕਿਰਿਆ ਜਾਰੀ ਹੈ ਅਤੇ ਹਵਾ ਨਾਲ ਸੰਚਾਲਿਤ ਪੁਸ਼ਾਕਾਂ 'ਤੇ ਵੀ ਪ੍ਰਬੰਧਕਾਂ ਦੁਆਰਾ ਪਾਬੰਦੀ ਲਗਾਈ ਗਈ ਹੈ।