ਹਰਜਿੰਦਰ ਸਿੰਘ ਭੱਟੀ
ਐਸ ਏ ਐਸ ਨਗਰ, 12 ਜਨਵਰੀ 2021 - ਨਵੇਂ ਸਾਲ ਦੀ ਚੰਗੀ ਸ਼ੁਰੂਆਤ ਕਰਦਿਆਂ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਉਤਸ਼ਾਹ ਅਤੇ ਚਾਅ ਨਾਲ ਮਨਾਇਆ ਗਿਆ।ਵਿਸ਼ਵੀ ਮਹਾਂਮਾਰੀ (ਕੋਵਿਡ-19) ਵਿੱਚ ਸੁਰੱਖਿਆ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਦਿਆਂ ਲੱਗੀਆਂ ਪਾਬੰਦੀਆਂ ਕਾਰਨ ਲੰਬੇ ਸਮੇਂ ਤੋਂ ਕੋਈ ਵੀ ਪ੍ਰੋਗਰਾਮ ਕਾਲਜ ਪਰਿਸਰ ਵਿੱਚ ਨਹੀਂ ਕੀਤਾ ਗਿਆ ਸੀ।
ਸਾਲ ਦਾ ਇਹ ਪਹਿਲਾ ਤਿਉਹਾਰ ਕਾਫੀ ਸਮੇਂ ਬਾਅਦ ਕਾਲਜ ਦੇ ਵਿਹੜੇ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਲੋਹੜੀ ਵਿੱਚ ਅੱਗ ਬਾਲਣ ਦੀ ਰਸਮ ਨਿਭਾਉਂਦਿਆਂ ਸੀਜੀਸੀ ਲਾਂਡਰਾ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ.ਰਛਪਾਲ ਸਿੰਘ ਧਾਲੀਵਾਲ ਨੇ ਸਾਰਿਆਂ ਨੂੰ ਇਸ ਪਵਿੱਤਰ ਤਿਉਹਾਰ ਦੀਆਂ ਤਹਿ ਦਿਲੋਂ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਵੇਂ ਸਾਲ ਦੌਰਾਨ ਸਥਿਤੀ ਪਹਿਲਾਂ ਵਾਂਗ ਹੋ ਜਾਵੇਗੀ ਅਤੇ ਵਿਦਿਆਰਥੀ ਵੀ ਨਿਯਮਿਤ ਰੂਪ ਵਿੱਚ ਕਾਲਜ ਵਿੱਚ ਆ ਸਕਣਗੇ।
ਇਸੇ ਦੌਰਾਨ ਕਾਲਜ ਵਿਖੇ ਕਈ ਮਨੋਰੰਜਨ ਭਰਪੂਰ ਗਤੀਵਿਧੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਵਿਦਿਆਰਥੀਆਂ ਸਣੇ ਫੈਕਲਟੀ ਮੈਂਬਰਾਂ ਨੇ ਨਵੇਂ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਸ ਮੌਕੇ ਦਾ ਭਰਪੂਰ ਆਨੰਦ ਮਾਣਿਆ।