- ਪਹਿਲੇ ਅਤੇ ਦੂਜੇ ਦਿਨ ਅੰਮ੍ਰਿਤਸਰ ਅਤੇ ਬਰਨਾਲਾ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਕਿੱਤਾ ਮੁਖੀ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ ਗਈ
- ਰੋਜ਼ਾਨਾ 150 ਅਧਿਆਪਕ ਲੈ ਰਹੇ ਹਨ ਆਨਲਾਈਨ ਸਿਖਲਾਈ
ਐਸ.ਏ.ਐਸ. ਨਗਰ 12 ਜਨਵਰੀ 2021 - ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਅਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਅਧੀਨ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ 9ਵੀਂ ਤੋਂ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਨਵੇਂ ਕਿੱਤਾ ਮੁਖੀ ਕੋਰਸਾਂ ਸਬੰਧੀ ਸਹੀ ਰਾਹ ਦੀ ਚੋਣ ਕਰਨ ਲਈ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਬਤੌਰ ਕਾਉਂਸਲਰ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਸਿਖਲਾਈ 11 ਜਨਵਰੀ ਤੋਂ 15 ਫਰਵਰੀ ਤੱਕ ਚੱਲੇਗੀ ਜਿਸ ਵਿੱਚ ਪੰਜਾਬ ਦੇ ਸਮੂਹ ਜ਼ਿਲਿ੍ਹਆਂ ਵਿੱਚੋਂ 3636 ਅਧਿਆਪਕ ਸਿਖਲਾਈ ਲੈਣਗੇ। ਇਸ ਸਿਖਲਾਈ ਲਈ ਸਿੱਖਿਆ ਵਿਭਾਗ ਵੱਲੋਂ ਕਿੱਤਾ ਮੁਖੀ ਕਾਉਂਸਲਿੰਗ ਲਈ ਵਿਸ਼ੇਸ਼ ਯੋਗਤਾ ਵਾਲੇ ਮਾਹਿਰਾਂ ਵੱਲੋਂ ਆਨਲਾਈਨ ਸਿਖਲਾਈ ਦਿੱਤੀ ਜਾ ਰਹੀ ਹੈ।
ਇਸ ਸਿਖਲਾਈ ਦੇ ਪਹਿਲੇ ਦਿਨ ਸਕੱਤਰ ਸਕੂਲ ਸਿੱਖਿਆ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸਮੂਹ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦੀ ਬੱਚਿਆਂ ਨੂੰ ਕਿੱਤਿਆਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ।ਵਿਦਿਆਰਥੀ ਦੀ ਪੜ੍ਹਾਈ ਦੇ ਨਾਲ-ਨਾਲ ਉਸ ਦੀ ਯੋਗਤਾ, ਰੁਚੀ ਅਤੇ ਵਿਅਕਤਿਤਵ ਅਨੁਸਾਰ ਜੇਕਰ ਵਿਦਿਆਰਥੀ ਨੂੰ ਅਧਿਆਪਕ ਸਮੇਂ 'ਤੇ ਅਗਵਾਈ ਦੇ ਦੇਵੇ ਤਾਂ ਵਿਦਿਆਰਥੀ ਦਾ ਜੀਵਨ ਉੱਜਵਲ ਹੋ ਜਾਂਦਾ ਹੈ।
ਇਸ ਲਈ ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿiਲ਼੍ਹਆਂ ਵਿੱਚ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਵਿੱਚੋਂ ਇੱਕ-ਇੱਕ ਅਧਿਆਪਕ ਨੂੰ ਬਤੌਰ ਕੈਰੀਅਰ ਕਾਉਂਸਲਰ ਸਿਖਲਾਈ ਦਿੱਤੀ ਜਾ ਰਹੀ ਹੈ। ਉਹਨਾਂ ਸਮੂਹ ਸਿਖਲਾਈ ਲੈਣ ਵਾਲੇ ਅਧਿਆਪਕਾਂ ਨੂ ਵੀ ਉਤਸ਼ਾਹਿਤ ਕਰਦਿਆਂ ਕਿਹਾ ਕਿ ਕਿਸੇ ਵਿਦਿਆਰਥੀ ਨੂੰ ਦਿੱਤੀ ਗਈ ਅਗਵਾਈ ਅਤੇ ਉਸਨੂੰ ਮਿਲੀ ਸਫ਼ਲਤਾ ਨਾਲ ਸਬੰਧਿਤ ਅਧਿਆਪਕ ਦਾ ਨਾਮ ਅਤੇ ਚਿਹਰਾ ਵਿਦਿਆਰਥੀ ਨੂੰ ਸਾਰੀ ਉਮਰ ਯਾਦ ਰਹਿੰਦਾ ਹੈ।
ਇਸ ਮੌਕੇ ਡਾ. ਡੀ.ਐੱਸ. ਪਰਮਾਰ ਨੇ ਅਧਿਆਪਕਾਂ ਨੂੰ ਸਿਖਲਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਵਿੱਚ ਅਸੀਮ ਯੋਗਤਾ ਹੁੰਦੀ ਹੈ। ਉਹਨਾਂ ਦੀ ਯੋਗਤਾ ਅਤੇ ਰੁਚੀ ਅਨੁਸਾਰ ਜੇਕਰ ਵਿਦਿਆਰਥੀ ਨੂੰ ਅਗਵਾਈ ਦੇ ਦਿੱਤੀ ਜਾਵੇ ਤਾਂ ਉਹ ਰਾਸ਼ਟਰ ਨਿਰਮਾਣ ਵਿੱਚ ਵਡਮੁੱਲਾ ਯੋਗਦਾਨ ਪਾ ਦਿੰਦੇ ਹਨ। ਡਾ. ਪਰਮਾਰ ਨੇ ਦਿਨ ਦੇ ਵਿੱਚ ਵਿਸ਼ੇਸ਼ ਸ਼ੈਸ਼ਨ ਦੌਰਾਨ ਅਧਿਆਪਕਾਂ ਦੇ ਸਵਾਲਾ ਦੇ ਜਵਾਬ ਦਿੱਤੇ ਜਿਸ ਵਿੱਚ ਜਿਆਦਾਤਰ ਬੱਚਿਆਂ ਦੀ ਮਨੋਸਥਿਤੀ ਨਾਲ ਸਬੰਧਿਤ ਸਨ। ਅਧਿਆਪਕ ਇਹਨਾਂ ਸਵਾਲਾਂ ਦੇ ਜਵਾਬਾਂ ਨਾਲ ਬਹੁਤ ਜਿਆਦਾ ਸੰਤੁਸ਼ਟ ਨਜ਼ਰ ਆਏ। ਇਸ ਸਿਖਲਾਈ ਵਰਕਸ਼ਾਪ ਦੌਰਾਨ ਡਾ. ਜੇ. ਐਸ. ਸੈਣੀ ਜੋ ਕਿ ਉਦਯੋਗਿਕ ਕਿੱਤਾ ਮੁਖੀ ਕੋਰਸਾਂ ਦੇ ਮਾਹਿਰ ਹਨ ਨੇ ਸਮੂਹ ਅਧਿਆਪਕਾਂ ਨੂੰ ਆਈ.ਟੀ.ਆਈ.ਕੋਰਸਾਂ, ਪੋਲੀਟੈਕਨਿਕ ਕੋਰਸਾਂ, ਸਵੈ ਰੋਜ਼ਗਾਰ ਬਾਰੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾ, ਕੋਰਸਾਂ ਲਈ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਆਦਿ ਬਾਰੇ ਅਧਿਆਪਕਾਂ ਨੂੰ ਬਾਖੂਬੀ ਜਾਣਕਾਰੀ ਦਿੱਤੀ।
ਸਿਖਲਾਈ ਦੇ ਪਹਿਲੇ ਦਿਨ ਜ਼ਿਲ੍ਹਾ ਅੰਮ੍ਰਿਤਸਰ ਦੇ 150 ਅਤੇ ਦੂਜੇ ਦਿਨ ਜ਼ਿਲ਼੍ਹਾ ਅੰਮ੍ਰਿਤਸਰ ਦੇ 77 ਅਤੇ ਜ਼ਿਲ੍ਹਾ ਬਰਨਾਲਾ ਦੇ 73 ਅਧਿਆਪਕਾਂ ਨੇ ਸਿਖਲਾਈ ਲਈ। ਇਸ ਸਿਖਲਾਈ ਵਰਕਸ਼ਾਪ ਨੂੰ ਸ਼ਿਵਾਨੀ ਸੇਤੀਆ ਸਹਾਇਕ ਡਾਇਰੈਕਟਰ ਨੇ ਵੀ ਸੰਬੋਧਨ ਕੀਤਾ।