ਲੁਧਿਆਣਾ 12 ਜਨਵਰੀ 2021 - ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿੱਚ ਪੀ ਐਚ ਡੀ ਦੀ ਵਿਦਿਆਰਥਣ ਕੁਮਾਰੀ ਜੋਤੀ ਬੋਹਰਾ ਨੇ ਬੀਤੇ ਦਿਨੀਂ ਸੋਨ ਤਮਗਾ ਜਿੱਤਿਆ। ਕੁਮਾਰੀ ਜੋਤੀ ਨੇ ਇਹ ਤਮਗਾ ਇੰਡੀਅਨ ਡਾਇਟੈਟਿਕ ਐਸੋਸੀਏਸ਼ਨ ਦੀ 53ਵੀਂ ਵਰਚੁਅਲ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੇਪਰ ਪੇਸ਼ਕਾਰੀ ਵਿੱਚ ਪ੍ਰਾਪਤ ਕੀਤਾ। ਇਹ ਕਾਨਫਰੰਸ ਬੀਤੇ ਦਿਨੀਂ ਕਰਵਾਈ ਗਈ ਸੀ।
ਜ਼ਿਕਰਯੋਗ ਹੈ ਕਿ ਕੁਮਾਰੀ ਜੋਤੀ ਬੋਹਰਾ ਆਪਣਾ ਪੀ ਐਚ ਡੀ ਦਾ ਖੋਜ ਕਾਰਜ ਡਾ. ਸੋਨਿਕਾ ਸ਼ਰਮਾ ਦੀ ਨਿਗਰਾਨੀ ਹੇਠ ਕਰ ਰਹੇ ਹਨ। ਡਾ. ਸੋਨਿਕਾ ਸ਼ਰਮਾ ਨੇ ਦੱਸਿਆ ਕਿ ਵਿਦਿਆਰਥਣ ਨੇ ਲੈਮਨ ਗਰਾਸ ਦੀ ਕਿ੍ਰਸ਼ਨਾ ਕਿਸਮ ਅਤੇ ਸੈਲਰੀ ਦੀ ਪੰਜਾਬ ਸੈਲਰੀ-1 ਕਿਸਮ ਨੂੰ ਆਪਣੀ ਖੋਜ ਲਈ ਚੁਣਿਆ ਹੈ।
ਵਿਦਿਆਰਥਣ ਆਪਣੀ ਖੋਜ ਵਿੱਚ ਲੈਮਨ ਗਰਾਸ ਅਤੇ ਸੈਲਰੀ ਤੋਂ ਪੇਅ ਪਦਾਰਥ ਬਨਾਉਣ ਦੀ ਖੋਜ ਕਰ ਰਹੀ ਹੈ । ਇਸ ਸੰਬੰਧੀ ਉਹ ਆਪਣਾ ਖੋਜ ਕਾਰਜ ਗਡਵਾਸੂ ਦੇ ਟੋਕਸੀਕੋਲਜੀ ਮਾਹਿਰ ਡਾ. ਰਾਜਦੀਪ ਕੌਰ ਦੀ ਸਹਾਇਤਾ ਨਾਲ ਵੀ ਅਗਾਂਹ ਵਧਾ ਰਹੀ ਹੈ । ਕੁਮਾਰੀ ਜੋਤੀ ਬੋਹਰਾ ਵੱਲੋਂ ਪੇਸ਼ ਕੀਤੇ ਪੇਪਰ ਦੇ ਸਹਿਯੋਗੀ ਲੇਖਕ ਪ੍ਰਸਿੱਧ ਪਸਾਰ ਮਾਹਿਰ ਡਾ. ਕਿਰਨ ਗਰੋਵਰ ਨੇ ਦੱਸਿਆ ਕਿ ਪੌਦਿਆਂ ਉਪਰ ਅਧਾਰਿਤ ਪੇਅ ਪਦਾਰਥ ਬਣਾ ਕੇ ਗੁਰਦਿਆਂ ਅਤੇ ਜਿਗਰ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਕਾਰਜ ਕੀਤਾ ਜਾ ਸਕੇਗਾ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਅਤੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਸੰਦੀਪ ਬੈਂਸ ਨੇ ਕੁਮਾਰੀ ਜੋਤੀ ਬੋਹਰਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।