ਆਪ ਪਾਰਟੀ ਦੇ ਆਗੂ ਗਿਆਨ ਚੰਦ ਬਾਂਸਲ
ਸ਼ਹਿਰ ਦੇ ਬੂਥ ਇੱਕ ਕਿਲੋਮੀਟਰ ਦੇ ਘੇਰੇ ਅੰਦਰ ਹੀ ਬਣਾਏ ਜਾਣ- ਗਿਆਨ ਬਾਂਸਲ
ਵਿਸ਼ੇਸ਼ ਪ੍ਰਤੀਨਿਧ ਅਮ੍ਰਿਤ ਪਾਲ ਸਿੱਧੂ ਬਰਾੜ
ਬਠਿੰਡਾ/ 12 ਜਨਵਰੀ
ਨਗਰ ਨਿਗਮ ਬਠਿੰਡਾ ਦੀਆਂ ਆ ਰਹੀਆਂ ਚੋਣਾਂ ਲਈ ਵੋਟਾਂ ਭੁਗਤਾਉਣ ਵਾਸਤੇ ਬੂਥ ਇੱਕ ਕਿਲੋਮੀਟਰ ਤੋਂ ਘੱਟ ਦੂਰੀ ਤੇ ਬਣਾਉਣੇ ਚਾਹੀਦੇ ਹਨ, ਤਾਂ ਜੋ ਬਜੁਰਗ ਬੀਮਾਰ ਅਤੇ ਔਰਤਾਂ ਅਸਾਨੀ ਨਾਲ ਆਪਣੀਆਂ ਵੋਟਾਂ ਭੁਗਤਾ ਸਕਣ। ਇਹ ਮੰਗ ਵਾਰਡ ਨੰਬਰ 14 ਦੇ ਵਸਨੀਕ ਉੱਘੇ ਸਮਾਜ ਸੇਵਕ ਅਤੇ ਆਪ ਪਾਰਟੀ ਦੇ ਆਗੂ ਗਿਆਨ ਚੰਦ ਬਾਂਸਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤੀ।
ਆਪਣੇ ਇਸ ਨੁਕਤੇ ਨੂੰ ਸਪਸ਼ਟ ਕਰਦਿਆਂ ਗਿਆਨ ਬਾਂਸਲ ਨੇ ਦੱਸਿਆ ਕਿ ਵਾਰਡ ਨੰਬਰ 14 ਦੇ ਬੂਥ ਨੰਬਰ 53 ਵਿੱਚ ਭਾਈ ਮਤੀ ਦਾਸ ਨਗਰ ਅਤੇ ਇੰਡਸਟਰੀਅਲ ਏਰੀਆ ਦੀਆਂ ਵੋਟਾਂ ਹਨ। ਹੁਣ ਇਹ ਬੂਥ ਪੁੱਡਾ ਦਫ਼ਤਰ ਵਿਖੇ ਬਣਾਇਆ ਗਿਆ, ਇਸ ਦਫ਼ਤਰ ਤੋਂ ਸਬੰਧਤ ਏਰੀਆ ਦਰਮਿਆਨ ਰੇਲਵੇ ਲਾਈਨ ਹੈ, ਜਿਸ ਕਾਰਨ ਓਵਰ ਬਿ੍ਰਜ ਰਾਹੀਂ ਕਾਫੀ ਲੰਬਾ ਸਫ਼ਰ ਕਰਕੇ ਵੋਟਰ ਨੂੰ ਬੂਥ ਤੱਕ ਪਹੁੰਚਣਾ ਪਵੇਗਾ। ਉਹਨਾਂ ਦੱਸਿਆ ਕਿ ਇਸਤੋਂ ਪਹਿਲਾਂ ਹਮੇਸਾਂ ਇਸ ਖੇਤਰ ਦੇ ਵੋਟਰਾਂ ਦਾ ਬੂਥ ਆਈ ਟੀ ਆਈ ਵਿਖੇ ਹੁੰਦਾ ਹੈ, ਇਸ ਵਾਰ ਪੁੱਡਾ ਦਫ਼ਤਰ ਵਿਖੇ ਬਣਾਏ ਜਾਣ ਨਾਲ ਵੋਟਰਾਂ ਨੂੰ ਭਾਰੀ ਮੁਸਕਿਲ ਪੇਸ ਆਵੇਗੀ।
ਆਪ ਪਾਰਟੀ ਦੇ ਆਗੂ ਬਾਂਸਲ ਨੇ ਅਡੀਸਨਲ ਚੀਫ਼ ਇਲੈਕਰੋਲਰ ਅਫ਼ਸਰ ਕਮ ਅਡੀਸਨਲ ਡਿਪਟੀ ਕਮਿਸਨਰ ਵਿਕਾਸ ਬਠਿੰਡਾ ਨੂੰ ਅਪੀਲ ਕੀਤੀ ਕਿ ਵੋਟਰਾਂ ਦੀ ਮੁਸਕਿਲ ਨੂੰ ਧਿਆਨ ਵਿੱਚ ਰਖਦੇ ਹੋਏ ਇਸ ਖੇਤਰ ਦਾ ਬੂਥ ਆਈ ਟੀ ਆਈ ਵਿਖੇ ਬਣਾਇਆ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਸਮੁੱਚੇ ਬਠਿੰਡਾ ਸ਼ਹਿਰ ਦੇ ਬੂਥ ਇੱਕ ਕਿਲੋਮੀਟਰ ਦੇ ਘੇਰੇ ਦੇ ਅੰਦਰ ਅੰਦਰ ਹੀ ਬਣਾਏ ਜਾਣ