ਕੈਲੀਫੋਰਨੀਆਂ ਪੁਰਸ਼ ਕਲੋਨੀ ਜੇਲ੍ਹ ਵਿੱਚ ਕੋਰੋਨਾ ਦਾ ਪ੍ਰਕੋਪ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 13 ਜਨਵਰੀ 2021
ਅਮਰੀਕੀ ਸੂਬੇ ਕੈਲੀਫੋਰਨੀਆਂ ਦੀਆਂ ਜੇਲ੍ਹਾਂ ਨੂੰ ਵੀ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਸੂਬੇ ਦੀਆਂ ਜੇਲ੍ਹਾਂ ਵਿੱਚ ਵਾਇਰਸ ਦੇ ਪ੍ਰਕੋਪ ਦਾ ਤਾਜ਼ਾ ਮਾਮਲਾ ਸੈਨ ਲੂਇਸ ਓਬਿਸਪੋ ਦੇ ਬਾਹਰੀ ਹਿੱਸੇ ਵਿੱਚ ਸਥਿਤ ਕੈਲੀਫੋਰਨੀਆਂ ਪੁਰਸ਼ ਕਲੋਨੀ (ਸੀ.ਐੱਮ.ਸੀ) ਸਟੇਟ ਜੇਲ੍ਹ ਵਿੱਚ ਸਾਹਮਣੇ ਆਇਆ ਹੈ। ਇਸ ਜੇਲ੍ਹ ਵਿੱਚ ਸ਼ੁਰੂ ਹੋਏ ਵਾਇਰਸ ਦੇ ਪ੍ਰਕੋਪ ਕਾਰਨ ਪਿਛਲੇ ਹਫਤੇ ਦੇ ਅਖੀਰ ਵਿੱਚ ਲੱਗਭਗ ਤਿੰਨਾਂ ਵਿੱਚੋਂ ਇੱਕ ਕੈਦੀ ਕੋਰੋਨਾ ਨਾਲ ਪੀੜਤ ਹੋਇਆ ਹੈ। ਵਾਇਰਸ ਦੇ ਇਹ ਮਾਮਲੇ ਕੈਲੀਫੋਰਨੀਆਂ ਦੀਆਂ 34 ਜੇਲ੍ਹਾਂ ਅਤੇ ਹੋਰ ਸੁਧਾਰ ਸੁਵਿਧਾਵਾਂ ਵਿੱਚ ਮੌਜੂਦਾ ਕੋਰੋਨਾ ਕੇਸਾਂ ਵਿੱਚੋਂ ਸਭ ਤੋਂ ਵੱਧ ਹਨ। ਕੈਲੀਫੋਰਨੀਆਂ ਦੇ ਸੁਧਾਰ ਅਤੇ ਮੁੜ ਵਸੇਬੇ ਵਿਭਾਗ ( ਸੀ.ਡੀ.ਸੀ.ਆਰ.) ਦੁਆਰਾ ਜਾਰੀ ਕੀਤੇ ਨਵੇਂ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਜੇਲ੍ਹ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਕੈਦੀਆਂ ਦੀ ਗਿਣਤੀ ਹਫਤੇ ਦੇ ਅੰਤ ਵਿੱਚ 1,120 ਸੀ ਜਦਕਿ ਚੌਚੀਲਾ ਵਿੱਚ ਔਰਤਾਂ ਦੀ ਜੇਲ੍ਹ ਵਿੱਚ ਇਸਦੀ ਤੁਲਨਾ "ਚ ਸੋਮਵਾਰ ਤੱਕ 414 ਕੇਸ ਦਰਜ ਕੀਤੇ ਗਏ ਹਨ। ਸੀ.ਡੀ.ਸੀ.ਆਰ. ਦੇ ਅੰਕੜਿਆਂ ਅਨੁਸਾਰ ਮਾਰਚ ਤੋਂ ਲੈ ਕੇ ਹੁਣ ਤੱਕ ਸੀ.ਐੱਮ.ਸੀ. ਵਿਖੇ ਕੁੱਲ 1,959 ਲਾਗ ਦੇ ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਅਪ੍ਰੈਲ ਵਿੱਚ ਇਸ ਜੇਲ੍ਹ "ਚ ਕੈਦੀਆਂ ਦਾ ਪਹਿਲਾ ਸਕਾਰਾਤਮਕ ਕੇਸ ਸਾਹਮਣੇ ਆਇਆ ਸੀ ਅਤੇ ਮਾਰਚ ਤੋਂ ਮਹਾਂਮਾਰੀ ਦੇ ਜਿਆਦਾ ਫੈਲਣ ਨਾਲ ਸਤੰਬਰ ਵਿੱਚ ਦੋ ਕੈਦੀਆਂ ਦੀ ਮੌਤ ਨੂੰ ਵੀ ਦਰਜ਼ ਕੀਤਾ ਗਿਆ ਸੀ। ਕੈਲੀਫੋਰਨੀਆਂ ਪੁਰਸ਼ ਕਲੋਨੀ ਜੇਲ੍ਹ ਜੋ ਕਿ ਹਾਈਵੇਅ 1 ਤੇ ਸੈਨ ਲੂਇਸ ਓਬਿਸਪੋ ਦੇ ਬਿਲਕੁਲ ਬਾਹਰ ਸਥਿਤ ਹੈ, ਵਿੱਚ ਲੱਗਭਗ 3,800 ਕੈਦੀ ਅਤੇ ਲੱਗਭਗ 1,800 ਦੇ ਕਰੀਬ ਸਟਾਫ ਮੈਂਬਰ ਰਹਿੰਦੇ ਹਨ। ਕੈਦੀਆਂ ਦੇ ਇਲਾਵਾ ਕੁੱਲ 391ਕਰਮਚਾਰੀਆਂ ਨੇ ਕੋਰੋਨਾ ਵਾਇਰਸ ਲਈ ਪਾਜ਼ੀਟਿਵ ਟੈਸਟ ਕੀਤੇ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 203 ਕਰਮਚਾਰੀ ਠੀਕ ਹੋਣ 'ਤੇ ਵਾਪਸ ਪਰਤ ਆਏ ਹਨ।