ਕੈਲੀਫੋਰਨੀਆਂ ਨੇ ਵਾਇਰਸ ਦੀ ਲਾਗ "ਚ ਰਿਕਾਰਡ ਵਾਧਾ ਹੋਣ ਤੋਂ ਬਾਅਦ ਦਰਜ ਕੀਤੀਆਂ 10,000 ਮੌਤਾਂ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 13 ਜਨਵਰੀ 2021
ਕੈਲੀਫੋਰਨੀਆਂ ਰਾਜ ਵਿੱਚ ਕੋਰੋਨਾ ਵਾਇਰਸ ਨਾਲ ਹੋਣ ਵਾਲਾ ਨੁਕਸਾਨ, ਸੋਮਵਾਰ ਨੂੰ ਮੌਤਾਂ ਦੇ ਇੱਕ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਜੌਹਨ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਦੇਸ਼ ਦੀ ਸੰਘਣੀ ਆਬਾਦੀ ਵਾਲੇ ਰਾਜ ਕੈਲੀਫੋਰਨੀਆਂ ਵਿੱਚ ਤਕਰੀਬਨ ਇੱਕ ਸਾਲ ਪਹਿਲਾਂ ਸ਼ੁਰੂ ਹੋਈ ਕੋਰੋਨਾ ਵਾਇਰਸ ਮਹਾਂਮਾਰੀ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 30000 ਤੱਕ ਪਹੁੰਚ ਗਿਆ ਹੈ। ਇਸ ਸੂਬੇ ਵਿੱਚ ਅਕਤੂਬਰ ਮਹੀਨੇ ਦੌਰਾਨ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵੱਡੀ ਪੱਧਰ ’ਤੇ ਵਾਧਾ ਹੋਣ ਤੋਂ ਬਾਅਦ ਮੌਤਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧੀ ਹੈ। ਕੈਲੀਫੋਰਨੀਆਂ "ਚ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਪਹਿਲੀਆਂ 10,000 ਮੌਤਾਂ ਤਕਰੀਬਨ ਛੇ ਮਹੀਨਿਆਂ ਵਿੱਚ ਹੋਈਆਂ ਸਨ, ਪਰ ਉਸ ਤੋਂ ਬਾਅਦ ਮੌਤਾਂ ਦੀ ਗਿਣਤੀ ਵਿੱਚ ਆਈ ਤੀਬਰਤਾ ਨੇ ਸਿਰਫ ਇੱਕ ਮਹੀਨੇ ਵਿੱਚ ਹੀ ਇਸਦੀ ਕੁੱਲ ਗਿਣਤੀ ਨੂੰ 20,000 ਤੋਂ 30,000 ਤੱਕ ਪਹੁੰਚਾ ਦਿੱਤਾ ਹੈ। ਪਿਛਲੇ ਹਫਤੇ ਦੇ ਅਖੀਰ ਵਿੱਚ, ਰਾਜ ਦੇ ਅੰਕੜਿਆਂ ਅਨੁਸਾਰ ਦੋ ਦਿਨਾਂ ਦੌਰਾਨ 1163 ਮੌਤਾਂ ਦਰਜ ਕੀਤੀਆਂ ਗਈਆਂ ਸਨ ਜਦਕਿ ਹਸਪਤਾਲਾਂ ਵਿੱਚ ਵੀ ਮਰੀਜ਼ਾਂ ਦਾ ਦਾਖ਼ਲਾ ਵੱਡੇ ਪੱਧਰ ’ਤੇ ਦਰਜ ਕੀਤਾ ਗਿਆ। ਸੂਬੇ ਦੀ ਲਾਸ ਏਂਜਲਸ ਕਾਉਂਟੀ ਵਿੱਚ ਵੀ ਮੌਤਾਂ ਦੀ ਗਿਣਤੀ 12,000 ਤੋਂ ਉੱਪਰ ਹੋਣ ਦੇ ਨਾਲ ਪੁਸ਼ਟੀ ਕੀਤੇ ਕੋਰੋਨਾਂ ਵਾਇਰਸ ਦੇ ਕੇਸ 9 ਲੱਖ ਨੂੰ ਪਾਰ ਕਰ ਚੁੱਕੇ ਹਨ । ਇਸ ਕਾਉਂਟੀ ਵਿੱਚ ਵਾਇਰਸ ਦੀ ਲਾਗ ਦੇ ਵਿਗੜ ਰਹੇ ਹਾਲਤਾਂ ਨਾਲ ਨਜਿੱਠਣ ਲਈ ਫੌਜ ਦੇ ਜਵਾਨ ਵੀ ਸਿਹਤ ਸਹੂਲਤਾਂ ਦੀ ਸਹਾਇਤਾ ਕਰ ਰਹੇ ਹਨ।ਕੈਲੀਫੋਰਨੀਆਂ ਵਿੱਚ ਕੋਰੋਨਾ ਮਰੀਜ਼ਾਂ ਦੀ ਵਧ ਰਹੀ ਤਾਦਾਦ ਦੇ ਮੱਦੇਨਜ਼ਰ ਕਾਉਂਟੀਆਂ ਦੇ ਹਸਪਤਾਲਾਂ ਨੂੰ ਗੈਰ ਜ਼ਰੂਰੀ ਸਰਜਰੀਆਂ ਲਈ ਦੇਰੀ ਕਰਨ ਦਾ ਆਦੇਸ਼ ਦਿੱਤਾ ਗਿਆ ਹੈ, ਜਿਸ ਨਾਲ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਲਈ ਜਗ੍ਹਾ ਅਤੇ ਸਿਹਤ ਪ੍ਰਬੰਧਨ ਵਿੱਚ ਮੁਸ਼ਕਿਲ ਨਾ ਹੋਵੇ।