- ਵਿਧਾਇਕ ਨਾਗਰਾ ਨੇ ਜੋਤੀ ਸਰੂਪ ਮੋੜਾਂ ਤੋਂ ਚਾਰ ਨੰਬਰ ਚੂੰਗੀ ਨੂੰ ਜਾਂਦੀ ਸੜਕ ਦੇ ਸੁੰਦਰੀਕਰਨ ਪ੍ਰੋਜੈਕਟ ਤਹਿਤ ਕੰਮ ਸ਼ੁਰੂ ਕਰਵਾਇਆ
- ਸੜਕ ਦੇ ਦੋਵੇਂ ਪਾਸੇ ਲੱਗ ਰਹੀਆਂ ਨੇ ਇੰਟਰਕੌਲ ਟਾਈਲਾਂ
- ਦਰਖ਼ਤਾਂ ਦੇ ਆਲੇ ਦੁਆਲੇ ਬਣਾਏ ਜਾ ਰਹੇ ਨੇ ਸੁੰਦਰ ਥੜ੍ਹੇ
- ਸੜਕ ਤੋਂ ਪਾਣੀ ਦੀ ਨਿਕਾਸੀ ਲਈ ਪਾਈਆਂ ਜਾ ਰਹੀਆਂ ਨੇ ਜ਼ਮੀਨਦੋਜ਼ ਪਾਈਪਾਂ
- ਪ੍ਰੋਜੈਕਟ ਉੱਤੇ ਖਰਚੇ ਜਾ ਰਹੇ ਨੇ ਕਰੀਬ 14 ਕਰੋੜ ਰੁਪਏ
ਫ਼ਤਹਿਗੜ੍ਹ ਸਾਹਿਬ, 13 ਜਨਵਰੀ 2021 - ਫ਼ਤਹਿਗੜ੍ਹ ਸਾਹਿਬ ਦੀ ਜਿੱਥੇ ਆਪਣੀ ਇਤਿਹਾਸਕ ਅਹਿਮੀਅਤ ਲਈ ਪੂਰੀ ਦੁਨੀਆਂ ਵਿੱਚ ਆਪਣੀ ਵਿਲੱਖਣ ਪਛਾਣ ਹੈ, ਉਥੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸਰਹਿੰਦ-ਫ਼ਤਹਿਗੜ੍ਹ ਸਾਹਿਬ ਸੂਬੇ ਦੇ ਸਭ ਤੋਂ ਸੋਹਣੇ ਸ਼ਹਿਰਾਂ ਵਿੱਚ ਸ਼ੁਮਾਰ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਫ਼ਤਹਿਗੜ੍ਹ ਸਾਹਿਬ ਦੇ ਸੁੰਦਰੀਕਰਨ ਸਬੰਧੀ 14 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਤਹਿਤ ਜੋਤੀ ਸਰੂਪ ਮੋੜਾਂ ਤੋਂ ਚਾਰ ਨੰਬਰ ਚੂੰਗੀ ਨੂੰ ਜਾਂਦੀ ਸੜਕ ਦੇ ਸੁੰਦਰੀਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕੀਤਾ।
ਨਾਗਰਾ ਨੇ ਦੱਸਿਆ ਕਿ 14 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਤਹਿਤ ਜਿੱਥੇ ਜੋਤੀ ਸਰੂਪ ਮੋੜਾਂ ਵਿਖੇ ਸੁੰਦਰ ਚੌਕ ਬਣਾ ਕੇ ਇੱਥੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਤ ਕੀਤਾ ਜਾਵੇਗਾ, ਉਥੇ ਇਸ ਚੌਕ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜਾਂਦੀਆਂ ਸੜਕਾਂ ਦਾ ਸੁੰਦਰੀਕਰਨ ਵੀ ਕੀਤਾ ਜਾਵੇਗਾ। ਇਸ ਪ੍ਰੋਜੈਕਟ ਤਹਿਤ ਜਿੱਥੇ ਸੜਕ ਦੇ ਦੋਵੇਂ ਪਾਸੇ ਇੰਟਰਲੌਕ ਟਾਈਲਾਂ ਲਾਈਆਂ ਜਾ ਰਹੀਆਂ ਹਨ, ਉਥੇ ਸੜਕ ਦੇ ਨਾਲ ਨਾਲ ਲੱਗੇ ਦਰਖਤਾਂ ਦੇ ਆਲੇ ਦੁਆਲੇ ਗਰੇਨਾਈਟ ਦੀ ਵਰਤੋਂ ਕਰਦਿਆਂ ਥੜ੍ਹੇ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸੜਕ ਤੋਂ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਜ਼ਮੀਨਦੋਜ਼ ਪਾਈਪ ਸੜਕ ਦੇ ਨਾਲ ਬਣੀ ਡਰੇਨ ਨਾਲ ਜੋੜੇ ਜਾ ਰਹੇ ਹਨ ਤਾਂ ਜੋ ਸੜਕ ਉਤੇ ਪਾਣੀ ਨਾ ਖੜ੍ਹੇ। ਸ. ਨਾਗਰਾ ਨੇ ਦੱਸਿਆ ਕਿ ਪਹਿਲਾਂ ਇਹ ਸੜਕ ਸਿਰਫ਼ 22 ਫੁੱਟ ਸੀ ਤੇ ਪਿਛਲੇ ਸਮੇਂ ਦੌਰਾਨ ਇਸ ਨੂੰ 50 ਫੁੱਟ ਤੋਂ ਵੱਧ ਚੌੜਾ ਕਰ ਕੇ ਇਸ ਉਤੇ ਡਿਵਾਈਡਰ ਬਣਾਇਆ ਗਿਆ ਹੈ ਤੇ ਅਤਿ ਆਧੁਨਿਕ ਲਾਈਟਾਂ ਲਾਈਆਂ ਗਈਆਂ ਹਨ।
ਹਲਕਾ ਵਿਧਾਇਕ ਨੇ ਦੱਸਿਆ ਕਿ ਉਂਜ ਫ਼ਤਹਿਗੜ੍ਹ ਸਾਹਿਬ ਦੇ ਸੁੰਦਰੀਕਰਨ ਤੇ ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ ਕਰੀਬ 30 ਕਰੋੜ ਰੁਪਏ ਖਰਚੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਕਰੀਬ 11 ਕਰੋੜ ਰੁਪਏ ਆਮ ਖ਼ਾਸ ਬਾਗ ਦੀ ਸਾਂਭ ਸੰਭਾਲ ਲਈ ਖਰਚੇ ਜਾ ਰਹੇ ਹਨ ਤੇ ਇਹ ਕੰਮ ਬਹੁਤ ਤੇਜ਼ੀ ਨਾਲ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ। ਇਸ ਦੇ ਨਾਲ-ਨਾਲ ਸੰਘੋਲ ਵਿਖੇ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ ਕਰੀਬ 05 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਸ ਪ੍ਰੋਜੈਕਟ ਤਹਿਤ ਹੀ ਸ਼ਹੀਦ ਊਧਮ ਸਿੰਘ ਦੇ ਸਮਾਰਕ, ਦੀਵਾਨ ਟੋਡਰ ਮੱਲ ਦੀ ਹਵੇਲੀ (ਜਹਾਜ਼ ਹਵੇਲੀ), ਡੇਰਾ ਮੀਰ ਮੀਰਾਂ ਵਿਖੇ ਸਥਿਤ ਮਕਬਰੇ ਅਤੇ ਭਗਤ ਸਧਨਾ ਜੀ ਦੇ ਮਕਬਰੇ ਦੀ ਸੰਭਾਲ ਅਤੇ ਇਨ੍ਹਾਂ ਦੇ ਆਲੇ ਦੁਆਲੇ ਦਾ ਸੁੰਦਰੀਕਰਨ ਕੀਤਾ ਜਾਵੇਗਾ। ਸ.ਨਾਗਰਾ ਨੇ ਕਿਹਾ ਕਿ ਸ਼ਹੀਦ ਭਾਈ ਸੰਗਤ ਸਿੰਘ ਦਾ ਜੋ ਸਥਾਨ ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ ਹੈ, ਉਸ ਦੀ ਸਾਂਭ ਸੰਭਾਲ ਕਰ ਕੇ ਉਸ ਨੂੰ ਸੁੰਦਰ ਰੂਪ ਵਿੱਚ ਉਭਾਰਨ ਲਈ ਵੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਹਿੰਦ ਚੋਅ ਨੂੰ ਪੱਕਾ ਕੀਤਾ ਗਿਆ ਹੈ ਤੇ ਹੁਣ ਉਸ ਦੇ ਅਗਲੇ ਹਿੱਸੇ ਦੀ ਚੈਨੇਲਾਈਜ਼ੇਸ਼ਨ ਜਾਰੀ ਹੈ।
ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਆਉਂਦੀਆਂ ਸਾਰੀਆਂ ਸੜਕਾਂ ਚਹੁੰ ਮਾਰਗੀ ਕੀਤੀਆਂ ਗਈਆਂ ਹਨ ਜਾਂ ਚੌੜੀਆਂ ਕੀਤੀਆਂ ਗਈਆਂ ਹਨ। ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਖੇ ਨਵਾਂ ਬੱਸ ਅੱਡਾ ਬਣਾਇਆ ਗਿਆ ਹੈ ਤੇ ਚਨਾਰਥਲ ਕਲਾਂ ਨੂੰ ਸਬ ਤਹਿਸੀਲ ਬਣਾਇਆ ਗਿਆ ਹੈ। ਫ਼ਤਹਿਗੜ੍ਹ ਸਾਹਿਬ ਵਿਖੇ ਸੀਵਰੇਜ ਪਾਉਣ, ਸਟਰੀਟ ਲਾਈਟਾਂ ਲਾਉਣ ਤੇ ਗਲੀਆਂ ਵਿੱਚ ਇੰਟਰਲੌਕਿੰਗ ਟਾਈਲਾਂ ਲਾਉਣ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ ਤੇ ਸ਼ਹਿਰ ਦੇ ਵੱਡੇ ਹਿੱਸੇ ਵਿੱਚ ਇਹ ਕੰਮ ਮੁਕੰਮਲ ਹੋ ਚੁੱਕਿਆ ਹੈ। ਇਸ ਦੇ ਨਾਲ-ਨਾਲ 10 ਕਰੋੜ ਦੀ ਲਾਗਤ ਨਾਲ ਜੱਚਾ ਬੱਚਾ ਹਸਪਤਾਲ ਬਣਾਇਆ ਜਾ ਰਿਹਾ ਹੈ ਤੇ ਨਾਲ ਹੀ ਵਨ ਸਟਾਪ ਸੈਂਟਰ ਵੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੀਮਤੀ ਮਨਦੀਪ ਕੌਰ ਨਾਗਰਾ,ਵਿਧਾਇਕ ਨਾਗਰਾ ਦੇ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਸਾਬਕਾ ਕੌਂਸਲਰ ਅਸ਼ੋਕ ਸੂਦ, ਗੁਰਪ੍ਰੀਤ ਸਿੰਘ ਲਾਲੀ, ਨਰਿੰਦਰ ਕੁਮਾਰ ਪ੍ਰਿੰਸ,ਪਵਨ ਕਾਲੜਾ,ਅਮਰਦੀਪ ਬੈਨੀਪਾਲ, ਜਗਜੀਤ ਕੋਕੀ,ਗੁਰਜੀਤ ਲੋਗੀ, ਮਾਸਟਰ ਗੁਰਮੀਤ ਸਿੰਘ, ਜੈਪਾਲ ਰਾਣਾ, ਰਵਿੰਦਰ ਬਾਸੀ, ਗੁਰਸ਼ਰਨ ਬੱਬੀ, ਨਰਿੰਦਰ ਕੁਮਾਰ, ਅਰਵਿੰਦਰ ਸਿੰਘ,ਰਣਜੀਤ ਸਿੰਘ ਪਿੱਲੀ ਹਾਜ਼ਰ ਸਨ।