ਮਨਿੰਦਰਜੀਤ ਸਿੱਧੂ
- ਕਿਸੇ ਗਰੀਬ ਜਾਂ ਗਰੀਬ ਵਸੋਂ ਵਾਲੇ ਇਲਾਕੇ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਸੂਰਜ ਭਾਰਦਵਾਜ
ਜੈਤੋ, 13 ਜਨਵਰੀ, 2021 - ਸਥਾਨਕ ਹਿੰਮਤਪੁਰਾ ਬਸਤੀ ਦੇ ਸਰਕਾਰੀ ਮਿਡਲ ਸਕੂਲ ਦੇ ਕਰੀਬ ਪਿਛਲੇ ਲੰਮੇ ਸਮੇਂ ਤੋਂ ਪਬਲਿਕ ਪਖਾਨਿਆਂ ਦੇ ਨਾਲ ਵਾਲੀ ਜਗ੍ਹਾ ਉੱਪਰ ਕੂੜੇ ਦੇ ਢੇਰ ਲੱਗੇ ਰਹਿੰਦੇ ਸਨ ਅਤੇ ਇਹ ਵੀ ਗੱਲ ਸੁਣਨ ਵਿੱਚ ਆ ਰਹੀ ਸੀ ਕਿ ਇੱਥੇ ਪੱਕੇ ਤੌਰ ਤੇ ਕੂੜੇ ਦਾ ਡੰਪ ਬਣ ਰਿਹਾ ਸੀ ਅਤੇ ਜਿਸ ਸੰਬੰਧੀ ਟੈਂਡਰ ਵੀ ਹੋ ਚੁੱਕੇ ਸਨ।ਇਸੇ ਜਗ੍ਹਾ ਉੱਪਰ ਅੱਜ ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਜਨਾਬ ਮੁਹੰਮਦ ਸਦੀਕ ਦੇ ਜਵਾਈ ਅਤੇ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਨੇ ਇਸ ਗੰਦਗੀ ਨੂੰ ਇੱਥੋਂ ਪੱਕੇ ਤੌਰ ‘ਤੇ ਉਠਵਾਉਣ ਅਤੇ ਇਸ ਜਗ੍ਹਾ ਉੱਪਰ ਸੁੰਦਰ ਬਗੀਚਾ ਅਤੇ ਮੁਹੱਲਾ ਵਾਸੀਆਂ ਲਈ ਓਪਨ ਜਿੰਮ ਲਗਾਉਣ ਦਾ ਐਲਾਨ ਕੀਤਾ ਅਤੇ ਇਸ ਕੰਮ ਦਾ ਉਦਘਾਟਨ ਕੀਤਾ।
ਉਹਨਾਂ ਕਿਹਾ ਕਿ ਰਾਜਨੀਤਿਕ ਸਾਜਿਸ਼ ਅਤੇ ਗਰੀਬ ਲੋਕਾਂ ਨਾਲ ਧੱਕਾ ਕਰਨ ਦੀ ਮਨਸ਼ਾ ਨਾਲ ਕਿਸੇ ਵੱਲੋਂ ਇਸ ਜਗ੍ਹਾ ਉੱਪਰ ਪੱਕੇ ਤੌਰ ‘ਤੇ ਕੂੜੇ ਦਾ ਡੰਪ ਲਗਾਉਣ ਲਈ ਟੈਂਡਰ ਵੀ ਕਰਵਾ ਦਿੱਤੇ ਗਏ ਸਨ, ਪਰ ਜਦੋਂ ਇਹ ਗੱਲ ਸਾਡੇ ਧਿਆਨ ਵਿੱਚ ਆਈ ਤਾਂ ਅਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਫੌਰੀ ਤੌਰ ਤੇ ਟੈਂਡਰ ਕੈਂਸਲ ਕਰਵਾ ਦਿੱਤੇ।ਉਹਨਾਂ ਕਿਹਾ ਕਿ ਉਹ ਕਦੀ ਬਰਦਾਸ਼ਤ ਨਹੀਂ ਕਰਨਗੇ ਕਿ ਇਹ ਗਰੀਬ ਲੋਕਾਂ ਦਾ ਇਲਾਕਾ ਅਤੇ ਕੋਈ ਇੱਥੇ ਧੱਕਾ ਕਰ ਜਾਵੇ।
ਉਹਨਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਗਰੀਬ ਬਸਤੀਆਂ ਵਿੱਚ ਜੋ ਲੋਕ ਲੰਮੇ ਸਮੇਂ ਤੋਂ ਰਹਿ ਰਹੇ ਹਨ, ਪਰ ਉਹਨਾਂ ਕੋਲ ਕੋਈ ਕਾਗਜੀ ਪੱਤਰੀ ਮਾਲਕਾਣਾਂ ਹੱਕ ਨਹੀਂ ਤਾਂ ਹੁਣ ਬਹੁਤ ਜਲਦ ਉਹਨਾਂ ਜਗ੍ਹਾਵਾਂ ਦੀਆਂ ਰਜਿਸਟਰੀਆਂ ਉਹਨਾਂ ਦੇ ਨਾਮ ਕਰ ਦਿੱਤੀਆਂ ਜਾਣਗੀਆਂ।ਇਸ ਮੌਕੇ ਉਹਨਾਂ ਨਾਲ ਦ ਟਰੱਕ ਆਪਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਰਾਜਦੀਪ ਸਿੰਘ ਔਲਖ ਰਾਮੇਆਣਾ, ਪ੍ਰਦੀਪ ਗਰਗ ਮਲੋਟ ਵਾਲੇ, ਹਰਜੀਤ ਬਿਸ਼ਨੰਦੀ, ਕਰਿਆਣਾ ਐਸੋਸੀਏਸ਼ਨ ਦੇ ਪ੍ਰਧਾਨ ਸ਼ੈਲੀ ਗਰਗ, ਸੱਤਪਾਲ ਡੋਡ, ਐਡਵੋਕੇਟ ਮਦਲ ਲਾਲ, ਗੁਰਬਾਜ ਸਿੰਘ, ਬਹਾਦਰ ਸਿੰਘ ਚੈਨਾ ਆਦਿ ਹਾਜਰ ਸਨ।