ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 14 ਜਨਵਰੀ 2021 - ਰਾਸ਼ਟਰਪਤੀ ਟਰੰਪ ਨੂੰ ਪਿਛਲੇ ਹਫਤੇ ਉਸਦੇ ਹਮਾਇਤੀਆਂ ਦੁਆਰਾ ਅਮਰੀਕਾ ਦੀ ਕੈਪੀਟਲ ਉੱਤੇ ਹੋਏ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪਾਬੰਦੀਆਂ ਦੇ ਨਤੀਜੇ ਭੁਗਤਣੇ ਪੈ ਰਹੇ ਹਨ। ਸੰਸਾਰ ਭਰ ਵਿੱਚ ਪ੍ਰਚਲਿਤ ਸ਼ੋਸ਼ਲ ਮੀਡੀਆ ਸਾਈਟ ਯੂ ਟਿਊਬ ਨੇ ਵੀ ਮੰਗਲਵਾਰ ਦੇਰ ਰਾਤ ਨੂੰ ਟਰੰਪ ਦੇ ਚੈਨਲ ਤੋਂ ਨਵੀਂ ਸਮੱਗਰੀ ਨੂੰ ਹਟਾਉਣ ਦੇ ਨਾਲ ਉਸ ਦੁਆਰਾ ਘੱਟੋ ਘੱਟ ਇੱਕ ਹਫ਼ਤੇ ਲਈ ਕਿਸੇ ਵੀ ਵੀਡੀਓ ਜਾਂ ਲਾਈਵਸਟ੍ਰੀਮ ਨੂੰ ਅਪਲੋਡ ਕਰਨ ਤੇ ਪਾਬੰਦੀ ਦੇ ਨਾਲ ਹੀ ਚੈਨਲ 'ਤੇ ਕੁਮੇਂਟਾਂ ਉੱਪਰ ਵੀ ਅਣਮਿੱਥੇ ਸਮੇਂ ਲਈ ਪਾਬੰਦੀ ਲਗਾਈ ਗਈ ਹੈ।
ਇਸ ਵੀਡੀਓ-ਸ਼ੇਅਰਿੰਗ ਸਾਈਟ ਨੇ ਮੰਗਲਵਾਰ ਨੂੰ ਟਰੰਪ ਦੁਆਰਾ ਅਪਲੋਡ ਕੀਤੀ ਸਮੱਗਰੀ ਨੂੰ ਕੰਪਨੀ ਦੀਆਂ ਹਿੰਸਾ ਭੜਕਾਉਣ ਸੰਬੰਧੀ ਨੀਤੀਆਂ ਦੀ ਉਲੰਘਣਾ ਕਰਨ ਕਰਕੇ ਹਟਾਇਆ ਹੈ। ਯੂ ਟਿਊਬ ਅਤੇ ਹੋਰ ਤਕਨੀਕੀ ਕੰਪਨੀਆਂ ਨੂੰ ਕੈਪੀਟਲ ਦੰਗਿਆਂ ਦੇ ਮੱਦੇਨਜ਼ਰ ਰਾਸ਼ਟਰਪਤੀ ਦੇ ਖਾਤਿਆਂ ਵਿਰੁੱਧ ਕਾਰਵਾਈ ਕਰਨ ਲਈ ਭਾਰੀ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ। ਜਿਹਨਾਂ ਵਿੱਚ "ਸਟਾਪ ਹੇਟ ਫਾਰ ਪ੍ਰੋਫਿਟ" ਇੱਕ 1,200 ਤੋਂ ਵੱਧ ਕਾਰੋਬਾਰਾਂ ਅਤੇ ਅਣਗਿਣਤ ਖਪਤਕਾਰਾਂ ਦਾ ਸਮੂਹ ਹੈ, ਦੇ ਦੁਆਰਾ ਇਹਨਾਂ ਸ਼ੋਸ਼ਲ ਮੀਡੀਆ ਕੰਪਨੀਆਂ ਨੂੰ ਟਰੰਪ ਦੇ ਖਾਤਿਆਂ ਉੱਪਰ ਪੱਕੇ ਤੌਰ 'ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਸੀ।
ਇਸ ਸਮੂਹ ਦੇ ਸੀ.ਈ.ਓ ਜਿਮ ਸਟੀਅਰ ਨੇ ਯੂ ਟਿਊਬ ਦੇ ਫੈਸਲੇ ਨੂੰ ਇੱਕ ਮਹੱਤਵਪੂਰਨ ਅਤੇ ਜ਼ਰੂਰੀ ਕਦਮ ਦੱਸਿਆ ਹੈ ਅਤੇ ਨਾਲ ਹੀ ਉਮੀਦ ਕੀਤੀ ਹੈ ਕਿ ਕੰਪਨੀ ਇਸ ਪਾਬੰਦੀ ਨੂੰ ਸਥਾਈ ਕਰ ਦੇਵਗੀ। ਜੇਕਰ ਯੂ ਟਿਊਬ ਦੁਆਰਾ ਟਰੰਪ ਦੇ ਖਾਤੇ ਨਾਲ ਸੰਬੰਧਿਤ ਇਹ ਕਾਰਵਾਈ ਨਾਂ ਕੀਤੀ ਜਾਂਦੀ ਤਾ ਇਸ ਕੰਪਨੀ ਨੂੰ ਇਸ ਸਮੂਹ ਦੁਆਰਾ ਬਾਈਕਾਟ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਟਰੰਪ ਨੂੰ ਟਵਿੱਟਰ ਅਤੇ ਪਿਨਟਰਸਟ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਵੀ ਵਰਜਿਤ ਕਰ ਦਿੱਤਾ ਗਿਆ ਹੈ। ਪਿਛਲੇ ਹਫ਼ਤੇ, ਫੇਸਬੁੱਕ ਦੇ ਸੀ.ਈ.ਓ ਮਾਰਕ ਜ਼ੁਕਰਬਰਗ ਨੇ ਘੋਸ਼ਣਾ ਕੀਤੀ ਸੀ ਕਿ ਟਰੰਪ ਨੂੰ ਘੱਟੋ ਘੱਟ ਉਹਨਾਂ ਦੇ ਰਾਸ਼ਟਰਪਤੀ ਅਹੁਦੇ ਦੇ ਅਖੀਰ ਤੱਕ ਇੰਸਟਾਗ੍ਰਾਮ ਅਤੇ ਫੇਸਬੁੱਕ ਦੋਵਾਂ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਗਈ ਹੈ।