ਬਲਵਿੰਦਰ ਸਿੰਘ ਧਾਲੀਵਾਲ
- ਪਵਿੱਤਰ ਵੇਈਂ ਅਤੇ ਸਰੋਵਰ ਵਿੱਚ ਸੰਗਤਾਂ ਨੇ ਇਸ਼ਨਾਨ ਕੀਤੇ
ਸੁਲਤਾਨਪੁਰ ਲੋਧੀ 14 ਜਨਵਰੀ 2021 - ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਵਿਚ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਮਾਘੀ ਵਾਲੇ ਦਿਨ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹਜ਼ਾਰਾ ਸੰਗਤਾਂ ਅੱਜ ਨਤਮਸਤਕ ਹੋਈਆਂ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅੱਜ ਤੜਕਸਾਰ ਤੋਂ ਹੀ ਵੱਡੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜੇ। ਗੁਰੂ ਘਰ ਆਈਆਂ ਸੰਗਤਾਂ ਵਲੋਂ ਅੱਤ ਦੀ ਠੰਡ ਦੇ ਬਾਵਜੂਦ ਪਵਿੱਤਰ ਸਰੋਵਰ 'ਚ ਆਸਥਾ ਦੀ ਡੁੱਬਕੀ ਲਾਈ ਗਈ ਅਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਚ ਵਿਖੇ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਮਾਘੀ ਦੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਦੀਵਾਨ ਸਜਾਏ ਗਏ। ਜਿਸ ਵਿੱਚ ਪੰਥ ਦੇ ਮਹਾਨ ਢਾਡੀ , ਕਵੀਸ਼ਰੀ ਅਤੇ ਰਾਗੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ ਗਿਆ।
ਸਿੱਖ ਧਰਮ ਅਤੇ ਵਿਰਸੇ ਦਾ ਇਤਿਹਾਸ ਸੁਣਾ ਕੇ ਗੁਰੂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਚਾਹੀਦਾ ਹੈ ।ਇਸ ਮੌਕੇ ਐਸਜੀਪੀਸੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਨੇ ਮਾਘੀ ਦੇ ਦਿਹਾੜੇ ਤੇ ਚਾਲੀ ਮੁਕਤਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਕਿਹਾ ਕਿ ਇਹਨਾਂ ਚਾਲੀ ਮੁਕਤਿਆਂ ਦੇ ਸ਼ਹੀਦੀ ਸੰਘਰਸ਼ ਤੋਂ ਸਾਨੂੰ ਸਭ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਇਸ ਮੌਕੇ ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪ੍ਰਬੰਧਕਾ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਦਿੱਲੀ ਬੈਠੇ ਕਿਸਾਨ ਅੰਦੋਲਨ ਚ ਕਿਸਾਨ ਵੀਰਾਂ ਅਤੇ ਬੀਬੀਆਂ ਭੈਣਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਪੂਰਾ ਦਿਨ ਸੰਗਤਾਂ ਵੱਡੀ ਗਿਣਤੀ ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਣ ਲਈ ਆ ਰਹੀ ਸਨ। ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਰੰਗ ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਸੀ ।ਇਸ ਮੌਕੇ ਸੰਗਤ ਲਈ ਗੁਰੂ ਕਾ ਅਤੁੱਟ ਲੰਗਰ ਵੀ ਲਗਾਇਆ ਗਿਆ ।ਇਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਅਡੀਸ਼ਨਲ ਮੈਨੇਜਰ ਭਾਈ ਸਰਬਜੀਤ ਸਿੰਘ ਧੂੰਦਾ, ਭੁਪਿੰਦਰ ਸਿੰਘ, ਸ਼ਿੰਦਰਪਾਲ ਸਿੰਘ, ਦਿਲਬਾਗ ਸਿੰਘ ਗਿੱਲ, ਗੁਰਪ੍ਰੀਤ ਸਿੰਘ , ਜੱਥੇਦਾਰ ਗੁਰਦਿਆਲ ਸਿੰਘ ਖਾਲਸਾ ਆਦਿ ਹਾਜ਼ਰ ਸਨ।