ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 15 ਜਨਵਰੀ 2021 - ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਹੁਲ ਚਾਬਾ ਵਲੋਂ ਅੱਜ ਪੁਲਿਸ ਅਧਿਕਾਰੀਆਂ ਸਮੇਤ ਜਿਲ੍ਹੇ ਅੰਦਰ ਕਾਨੂੰਨ ਵਿਵਸਥਾ, ਟਰੈਫਿਕ, ਐੈਸ ਸੀ, ਐਸ ਟੀ ਐਕਟ ਤਹਿਤ ਦਰਜ ਕੇਸਾਂ ਦੀ ਸਮੀਖਿਆ ਕੀਤੀ ਗਈ।
ਐਸ ਪੀ ਟਰੈਫਿਕ ਜਸਬੀਰ ਸਿੰਘ, ਐਸ ਡੀ ਐਮ ਕਪੂਰਥਲਾ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ , ਡਿਪਟੀ ਜੇਲ੍ਹ ਸੁਪਰਡੈਂਟ ਬਲਜੀਤ ਸਿੰਘ ਭੱਟੀ ਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਵਲੋਂ ਜਿਲ੍ਹੇ ਦੇ ਜਿਹੜੇ 13 ਕੇਸਾਂ ਬਾਰੇ ਕੀਤੀਆਂ ਸਿਫਾਰਸ਼ਾਂ ਅਨੁਸਾਰ ਕਾਰਵਾਈ ਜਲਦ ਮੁਕੰਮਲ ਕੀਤੀ ਜਾਵੇ।
ਜਿਲ੍ਹੇ ਅੰਦਰ ਟਰੈਫਿਕ ਵਿਵਸਥਾ ਬਾਰੇ ਐਸ ਪੀ ਜਸਬੀਰ ਸਿੰਘ ਨੇ ਦੱਸਿਆ ਕਿ ਫਗਵਾੜਾ ਵਿਖੇ 6 ਅਜਿਹੇ ਸਥਾਨਾਂ ਦੀ ਪਛਾਣ ਕੀਤੀ ਗਈ ਸੀ ਜੋ ਕਿ ਹਾਦਸਿਆਂ ਦਾ ਕਾਰਨ ਸਨ, ਅਤੇ ਇਸ ਸਬੰਧੀ ਕਾਰਵਾਈ ਕਰਦੇ ਹੋਏ ਆਵਾਜਾਈ ਵਿਚ ਅੜਿੱਚਨਾਂ ਨੂੰ ਦੂਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ ਦੋ ਮਹੀਨਿਆਂ ਦੌਰਾਨ ਹੋਏ 26 ਹਾਦਸਿਆਂ ਦੇ ਮੁਕਾਬਲੇ ਦਸਬੰਰ ਵਿਚ 5 ਹਾਦਸੇ ਦਰਜ ਕੀਤੇ ਗਏ।
ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਐਸ ਸੀ ਐਸ ਟੀ ਐਕਟ ਤਹਿਤ ਮਾਮਲਿਅਾਂ ਦਾ ਜਲਦ ਨਿਪਟਾਰਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਟਰੈਵਲ ਏਜੰਟਾਂ ਵਲੋਂ ਆਪਣੀਆਂ ਮਹੀਨਾਵਾਰ ਰਿਪੋਰਟਾਂ ਜਮ੍ਹਾਂ ਨਾ ਕਰਵਾਉਣ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਕਿਹਾ ਕਿ ਸਬੰਧਿਤ ਅਧਿਕਾਰੀ ਅਜਿਹੇ ਮਾਮਲਿਆਂ ਵਿਚ ਤੁਰੰਤ ਕਾਰਵਾਈ ਕਰਨ।
ਇਸ ਤੋਂ ਇਲਾਵਾ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੇ ਹਿਰਾਸਤੀ ਮੌਤਾਂ ਬਾਰੇ ਸਿਹਤ ਵਿਭਾਗ ਵਲੋਂ ਮੌਤ ਦੇੇ ਕਾਰਨਾਂ ਬਾਰੇ ਰਿਪੋਰਟਾਂ ਨਾ ਭੇਜਣ ਦਾ ਮੁੱਦਾ ਚੁੱਕਿਆ, ਜਿਸ ’ਤੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਸਿਹਤ ਵਿਭਾਗ ਨੂੰ ਲੋੜੀਂਦੀਆਂ ਹਦਾਇਤਾਂ ਤੁਰੰਤ ਜਾਰੀ ਕੀਤੀਆਂ ਜਾਣਗੀਆਂ।