ਅਸ਼ੋਕ ਵਰਮਾ
ਮਾਨਸਾ, 15ਜਨਵਰੀ2021 - ਭਾਰਤ ਸਰਕਾਰ ਵੱਲੋਂ ਅੱਜ ਪੀ.ਐਮ.ਕੇ.ਵੀ.ਵਾਈ. 3.0. ਸਕੀਮ ਸ਼ੁਰੂ ਕੀਤੀ ਗਈ। ਇਸ ਸਕੀਮ ਅਧੀਨ ਸਰਕਾਰ ਵੱਲੋਂ ਦੇਸ਼ ਭਰ ਵਿੱਚ 2020-21 ਦੌਰਾਨ ਕਰੀਬ 8 ਲੱਖ ਨੌਜਵਾਨਾਂ ਨੂੰ ਸਕਿੱਲ ਟ੍ਰੇਨਿੰਗ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀ-ਕਮ-ਨੋਡਲ ਅਫ਼ਸਰ ਪੀ.ਐਸ.ਡੀ.ਐਮ. ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐਮ.ਕੇ.ਵੀ.ਵਾਈ.-3.0 ਸਕੀਮ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਮਾਨਸਾ ਵਿੱਚ ਪੀ.ਐਮ.ਕੇ.ਕੇ. ਸਰਦੂਲਗੜ੍ਹ ਵਿਖੇ ਹੋਮ ਹੈਲਥ ਏਡ ਸਬੰਧੀ 30 ਨੌਜਵਾਨਾਂ ਦੇ ਬੈਚ ਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਏਡੀਸੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਹੁਤ ਜਲਦ 30-30 ਵਿਦਿਆਰਥੀਆਂ ਦੇ ਤਿੰਨ ਹੋਰ ਬੈਚ ਬੇਕਿੰਗ ਟੈਕਨੀਸ਼ੀਅਨ ਅਤੇ ਮਾਈਕਰੋ ਇਰੀਗੇਸ਼ਨ ਵੀ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਲਈ ਮੋਬਲਾਈਜੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਡੀ.ਪੀ.ਐਮ.ਯੂ. ਸਟਾਫ਼, ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮਾਨਸਾ ਜਾਂ ਸਕਿੱਲ ਸੈਂਟਰ ਸਰਦੂਲਗੜ੍ਹ ਦੇ ਸਟਾਫ਼ ਨਾਲ ਸੰਪਰਕ ਕਰਕੇ ਜਾਣਕਾਰੀ ਹਾਸਿਲ ਕਰ ਸਕਦੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਲਾਕ ਮਿਸ਼ਨ ਮੈਨੇਜਰ ਪੀ.ਐਸ.ਡੀ.ਐਮ. ਸ਼੍ਰੀ ਮਨੋਜ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਪੇਂਡੂ ਅਤੇ ਸ਼ਹਿਰੀ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਉਦੇਸ਼ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਮਾਨਸਾ ਵਿੱਚ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਸਕਿੱਲ ਸੈਂਟਰ ਸਥਾਪਿਤ ਕਰਕੇ ਨੌਜਵਾਨਾਂ ਨੂੰ ਵੱਖ-ਵੱਖ ਕੋਰਸਾਂ ਦੀ ਮੁਫ਼ਤ ਵਿੱਚ ਸਕਿੱਲ ਟੇ੍ਰਨਿੰਗ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਕੀਮ ਤਹਿਤ ਪਿੰਡ ਦਾਨੇਵਾਲਾ ਬਲਾਕ ਝੁਨੀਰ ਵਿਖੇ ਡੋਮੈਸਟਿਕ ਡਾਟਾ ਐਂਟਰੀ ਓਪਰੇਟਰ ਦੇ 30-30 ਦੇ ਦੋ ਨਵੇਂ ਬੈਚ ਇਸੇ ਮਹੀਨੇ ਸ਼ੁਰੂ ਕੀਤੇ ਜਾਣਗੇ, ਜਿਸ ਲਈ ਚਾਹਵਾਨ ਉਮੀਦਵਾਰ ਸਕੀਮ ਦਾ ਲਾਭ ਲੈਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਪੀ.ਐਸ.ਡੀ.ਐਮ. ਮਾਨਸਾ ਸ਼੍ਰੀ ਹਰਜਿੰਦਰ ਸਿੰਘ ਨਾਲ 94173-64863, ਜਸਵਿੰਦਰ ਸਿੰਘ ਸਕਿੱਲ ਸੈਂਟਰ ਦਾਨੇਵਾਲਾ ਨਾਲ 98459-54447 ਅਤੇ ਸੁਖਵੀਰ ਸਿੰਘ ਪੀ.ਐਮ.ਕੇ.ਕੇ. ਸਰਦੂਲਗੜ੍ਹ ਨਾਲ 82830-24244 ਨਾਲ ਸੰਪਰਕ ਕੀਤਾ ਜਾ ਸਕਦਾ ਹੈ।