- ਕਮਿਸ਼ਨ ਦੇ ਮੈਂਬਰ ਦੀਪਕ ਕੁਮਾਰ ਨੇ ਪਿੰਡ ਮਨਸੂਰ ਵਾਲਾ ਵਿਖੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਤੋਂ ਲਈ ਮਾਮਲੇ ਦੀ ਜਾਣਕਾਰੀ, ਪੁਲਿਸ ਅਧਿਕਾਰੀਆਂ ਨੂੰ ਦਿੱਤੀ ਸਖਤ ਕਾਰਵਾਈ ਦੇ ਨਿਰਦੇਸ਼
ਫਿਰੋਜ਼ਪੁਰ, 15 ਜਨਵਰੀ 2021 - ਪੰਜਾਬ ਰਾਜ ਐਸ.ਸੀ. ਕਮਿਸ਼ਨ ਨੇ ਪਿੰਡ ਮਨਸੂਰ ਵਾਲਾ ਵੱਡਾ ਤਹਿਸੀਲ ਜ਼ੀਰਾ ਵਿਖੇ ਅਨੁਸੂਚਿਤ ਜਾਤੀ ਮਹਿਲਾਂ ਨਾਲ ਸਬੰਧਤ ਵਾਇਰਲ ਹੋਈ ਕੁੱਟਮਾਰ ਦੀ ਵੀਡੀਓ ਦਾ ਸਖਤ ਨੋਟਿਸ ਲਿਆ ਹੈ। ਕਮਿਸ਼ਨ ਦੇ ਚੇਅਰਮੈਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਮਿਸ਼ਨ ਦੇ ਮੈਂਬਰ ਦੀਪਕ ਕੁਮਾਰ ਨੇ ਘਟਨਾ ਸਥਲ ਦਾ ਦੌਰਾ ਕਰਕੇ ਪੀੜ੍ਤ ਮਹਿਲਾ ਅਤੇ ਪਰਿਵਾਰ ਦੇ ਨਾਲ ਘਟਨਾ ਸਬੰਧੀ ਜਾਣਕਾਰੀ ਹਾਸਲ ਕਰਦਿਆਂ ਕਿਹਾ ਕਿ ਕੁੱਟਮਾਰ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਨੇ ਜੇਰੇ ਇਲਾਜ ਪੀੜ੍ਹਤ ਮਹਿਲਾ ਦਾ ਹਸਪਤਾਲ ਵਿਖੇ ਇਲਾਜ ਕਰਵਾਉਣ ਸਬੰਧੀ ਡਾਕਟਰਾਂ ਨੂੰ ਨਿਰਦੇਸ਼ ਦਿੰਦਿਆਂ ਇਹ ਕਿਹਾ ਕਿ ਪੀੜ੍ਹਤ ਮਹਿਲਾ ਦਾ ਮੁਫ਼ਤ ਇਲਾਜ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਪੀੜ੍ਹਤ ਮਹਿਲਾ ਦੇ ਬਿਆਨਾਂ ਦੇ ਅਧਾਰ ਤੇ ਦੋਸ਼ੀਆਂ ਦੇ ਖਿਲਾਫ ਜਾਤੀ ਸੂਚਿਤ ਸ਼ਬਦ ਬੋਲਣ ਤੇ ਐਸ.ਸੀ. ਐਸ.ਟੀ. ਐਕਟ ਤੋਂ ਇਲਾਵਾ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਵੀ ਸਖਤ ਨਿਰਦੇਸ਼ ਦਿੰਦਿਆਂ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਐਸ.ਡੀ.ਐਮ. ਜ਼ੀਰਾ ਸ. ਰਣਜੀਤ ਸਿੰਘ, ਸੋਨੂੰ ਨਾਹਰ, ਕੁਲਦੀਪ ਸਿੰਘ ਬਰਾੜ, ਮਨਜੀਤ ਸਿੰਘ ਖੋਖਰ, ਲਖਵਿੰਦਰ ਸਿੰਘ, ਕੁਲਵਿੰਦਰ ਸਿੰਘ ਭੱਟੀ, ਫਿਰੋਜ਼ ਖਾਨ ਤੋਂ ਇਲਾਵਾ ਹੋਰ ਵੀ ਇਲਾਕਾ ਨਿਵਾਸੀ ਮੌਜੂਦ ਸਨ।