ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੇਫੋਰਨੀਆ), 16 ਜਨਵਰੀ 2021 - ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਲਗਾਤਾਰ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦੇ ਰਿਹਾ ਹੈ। ਪਿਛਲੇ ਦਿਨੀਂ ਕਤਲ ਦੇ ਦੋਸ਼ ਵਿੱਚ ਇੱਕ ਮਹਿਲਾ ਨੂੰ ਮੌਤ ਦੇ ਘਾਟ ਉਤਾਰਨ ਦੇ ਬਾਅਦ ਸੰਯੁਕਤ ਰਾਜ ਦੀ ਸਰਕਾਰ ਨੇ ਸਾਲ 1992 ਵਿੱਚ ਵਰਜੀਨੀਆ ਦੀ ਰਾਜਧਾਨੀ ਵਿੱਚ ਹੋਈਆਂ ਕਈ ਹੱਤਿਆਵਾਂ ਵਿੱਚ ਸ਼ਮੂਲੀਅਤ ਲਈ ਇੱਕ ਨਸ਼ਾ ਤਸਕਰੀ ਕਰਨ ਵਾਲੇ ਅਪਰਾਧੀ ਨੂੰ ਵੀਰਵਾਰ ਦੇ ਦਿਨ ਜ਼ਹਿਰੀਲਾ ਟੀਕਾ ਲਗਾ ਮੌਤ ਦੇ ਘਾਟ ਉਤਾਰਿਆ ਹੈ।
ਸਰਕਾਰ ਦੁਆਰਾ ਇਹ ਕਾਰਵਾਈ ਦੋਸ਼ੀ ਦੇ ਵਕੀਲਾਂ ਦੁਆਰਾ ਉਸ ਦੇ ਹਾਲ ਹੀ ਵਿੱਚ ਕੋਵਿਡ -19 ਨਾਲ ਪ੍ਰਭਾਵਿਤ ਹੋਣ ਨਾਲ ਫੇਫੜਿਆਂ ਦੇ ਨੁਕਸਾਨ ਦੇ ਦਾਅਵਿਆਂ ਦੇ ਬਾਵਜੂਦ ਕੀਤੀ ਗਈ ਹੈ।ਇਹ 52 ਸਾਲਾਂ ਕੋਰੇ ਜੋਹਨਸਨ ਨਾਮ ਦਾ ਦੋਸ਼ੀ, ਟਰੰਪ ਪ੍ਰਸ਼ਾਸਨ ਦੁਆਰਾ 17 ਸਾਲਾਂ ਦੇ ਅੰਤਰਾਲ ਤੋਂ ਬਾਅਦ ਸੰਘੀ ਫਾਂਸੀ ਮੁੜ ਸ਼ੁਰੂ ਕਰਨ ਦੇ ਬਾਅਦ ਇੰਡੀਆਨਾ ਦੇ ਸੰਘੀ ਜੇਲ੍ਹ ਕੰਪਲੈਕਸ ਟੈਰੇ ਹੌਤੇ ਵਿੱਚ ਮੌਤ ਦੀ ਸਜ਼ਾ ਪ੍ਰਾਪਤ ਕਰਨ ਵਾਲਾ 12 ਵਾਂ ਕੈਦੀ ਹੈ। ਜੋਹਨਸਨ ਨੂੰ ਅਧਿਕਾਰੀਆਂ ਦੁਆਰਾ ਵੀਰਵਾਰ ਰਾਤ 11:34 ਵਜੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ।
ਜੋਹਨਸਨ ਤੋਂ ਬਾਅਦ ਇੱਕ ਹੋਰ ਅਪਰਾਧੀ ਡਸਟਿਨ ਹਿਗਜ਼ ਦੀ ਸ਼ੁੱਕਰਵਾਰ ਨੂੰ ਮੌਤ ਦੀ ਸਜ਼ਾ ਨਿਰਧਾਰਤ ਕੀਤੀ ਗਈ ਹੈ। ਇਹਨਾਂ ਦੀਆਂ ਸਜ਼ਾਵਾਂ ਰਾਸ਼ਟਰਪਤੀ ਚੁਣੇ ਹੋਏ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਆਖਰੀ ਸਜ਼ਾਵਾਂ ਹਨ। ਬਾਈਡੇਨ ਜੋ ਕਿ ਮੌਤ ਦੀ ਸਜ਼ਾ ਦਾ ਵਿਰੋਧ ਕਰਦੇ ਹਨ ਅਤੇ ਉਹਨਾਂ ਨੇ ਇਸ ਸਜ਼ਾ ਨੂੰ ਬੰਦ ਕਰਨ ਦਾ ਵੀ ਸੰਕੇਤ ਦਿੱਤਾ ਹੈ। ਜੋਹਨਸਨ ਨੂੰ ਰਿਚਮੰਡ ਵਿੱਚ ਇੱਕ ਗਰੋਹ ਦੁਆਰਾ ਕੀਤੀ ਗਈ ਹਿੰਸਾ ਜਿਸ ਵਿੱਚ 45 ਦਿਨਾਂ ਦੀ ਮਿਆਦ "ਚ 11 ਲੋਕਾਂ ਦੀ ਮੌਤ ਹੋ ਗਈ ਸੀ, ਵਿੱਚ ਸ਼ਾਮਿਲ ਹੋਣ ਦੇ ਦੋਸ਼ ਵਿੱਚ ਇਹ ਸਜ਼ਾ ਦਿੱਤੀ ਗਈ ਸੀ। ਜੋਹਨਸਨ ਨੇ ਜ਼ਹਿਰੀਲਾ ਟੀਕਾ ਲੱਗਣ ਤੋਂ ਪਹਿਲਾਂ ਆਖਰੀ ਬਿਆਨਾਂ "ਚ ਆਪਣੇ ਕੀਤੇ ਅਪਰਾਧਾਂ ਲਈ ਅਫਸੋਸ ਪ੍ਰਗਟ ਕੀਤਾ।