ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 16 ਜਨਵਰੀ 2021 - ਨਿਊਯਾਰਕ ਸਿਟੀ ਦੇ ਬ੍ਰੋਨਕਸ ਵਿੱਚ ਇੱਕ ਯਾਤਰੀ ਬੱਸ ਦੇ ਹਾਦਸਾ ਗ੍ਰਸਤ ਹੋ ਜਾਣ ਕਾਰਨ ਕਈ ਯਾਤਰੀਆਂ ਦੇ ਜਖਮੀ ਹੋਣ ਦੀ ਘਟਨਾ ਵਾਪਰੀ ਹੈ। ਹਾਦਸੇ ਦੌਰਾਨ ਇੱਕ ਬੱਸ ਸੜਕ ਤੇ ਇੱਕ ਪਾਸੇ ਜਾਣ ਤੋਂ ਬਾਅਦ ਇੱਕ ਪੁਲ ਤੋਂ ਹੇਠਾਂ ਲਮਕ ਗਈ ਸੀ। ਨਿਊਯਾਰਕ ਦੇ ਪੁਲਿਸ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਵੀਰਵਾਰ ਰਾਤ 11:10 ਵਜੇ ਵੀਰਵਾਰ ਨੂੰ ਯੂਨੀਵਰਸਿਟੀ ਐਵੀਨਿਊ ਦੇ ਕਰਾਸ ਬ੍ਰੋਨਕਸ ਐਕਸਪ੍ਰੈਸ ਰੋਡ ਤੇ ਵਾਪਰੀ ਹੈ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਸ ਹਾਦਸੇ ਵਿੱਚ ਬੱਸ ਚਾਲਕ ਸਣੇ ਘੱਟੋ ਘੱਟ ਸੱਤ ਤੋਂ ਅੱਠ ਵਿਅਕਤੀ ਜ਼ਖਮੀ ਹੋਏ ਹਨ, ਜਿਹਨਾਂ ਵਿੱਚੋਂ ਕੁੱਝ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਇਸ ਹਾਦਸੇ ਵਿੱਚ ਬੱਸ ਡਰਾਈਵਰ ਗੰਭੀਰ ਰੂਪ ਵਿੱਚ ਜਖਮੀ ਹੋਇਆ ਹੈ। ਨਿਊਯਾਰਕ ਸਿਟੀ ਫਾਇਰ ਵਿਭਾਗ ਨੇ ਇਸ ਹਾਦਸੇ ਸੰਬੰਧੀ ਦੱਸਿਆ ਕਿ ਇਹ ਬੱਸ ਤਕਰੀਬਨ 50 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗੀ ਅਤੇ ਜ਼ਖਮੀ ਹੋਏ ਸਾਰੇ ਲੋਕਾਂ ਨੂੰ ਖੇਤਰ ਦੇ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। ਅਧਿਕਾਰੀਆਂ ਅਨੁਸਾਰ ਇਸ ਬੱਸ ਦੇ ਦੁਰਘਟਨਾ ਗ੍ਰਸਤ ਹੋ ਜਾਣ ਪਿੱਛੇ ਬ੍ਰੇਕ ਫੇਲ੍ਹ ਜਾਂ ਕਾਬੂ ਤੋਂ ਬਾਹਰ ਹੋ ਜਾਣ ਦੇ ਕਾਰਨ ਹੋ ਸਕਦੇ ਹਨ।