ਜਗਦੀਸ਼ ਥਿੰਦ
ਫਾਜ਼ਿਲਕਾ, 16 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਅੱਜ ਸਿਵਲ ਹਸਪਤਾਲ ਮੁਹਾਲੀ ਵਿਖੇ ਪਹੁੰਚ ਕੇ ਕੀਤੀ।ਇਸ ਤੋਂ ਪਹਿਲਾਂ ਸੂਬੇ ਦੀਆਂ 59 ਥਾਵਾਂ `ਤੇ ਹੋ ਰਹੇ ਵਰਚੁਅਲ ਸਮਾਗਮਾਂ ਰਾਹੀਂ ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਮੌਕੇ ਪਹਿਲੇ ਪੜਾਅ ਵਿਚ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਕੰਮ ਕਰ ਰਹੇ 1 ਲੱਖ 74 ਹਜ਼ਾਰ ਸਿਹਤ ਕਰਮੀਆਂ ਦੀ ਕਰੋਨਾ ਵੈਕਸੀਨੇਸ਼ਨ ਕੀਤੀ ਜਾਵੇਗੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲੇ ਫੇਸ ਵਿਚ ਸਿਹਤ ਕਰਮੀਆਂ ਨੂੰ ਕਰੋਨਾਂ ਦੀ ਵੈਕਸੀਨੇਸ਼ਨ ਕੀਤੀ ਜਾਵੇਗੀ, ਦੂਜੇ ਫੇਜ਼ ਵਿਚ ਫਰੰਟ ਲਾਈਨ ਵਰਕਰਾਂ ਨੂੰ ਵੈਕਸੀਨੇਸ਼ਨ ਕੀਤੀ ਜਾਵੇਗੀ।ਉਸ ਉਪਰੰਤ ਹਦਾਇਤਾਂ ਅਨੁਸਾਰ ਹਰ ਇਕ ਨੂੰ ਲਗਾਈ ਜਾਵੇਗੀ।ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਸੋ ਕਿਸੇ ਤਰ੍ਹਾਂ ਦੀਆਂ ਅਫਵਾਹਾਂ `ਤੇ ਵਿਸ਼ਵਾਸ ਨਾ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਕਰੋਨਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਬਿਮਾਰੀ ਅਜੇ ਖਤਮ ਨਹੀਂ ਹੋਈ ਜਿੰਨੀ ਦੇਰ ਵੈਕਸੀਨ ਨਹੀਂ ਲੱਗ ਜਾਂਦੀ ਉਨੀ ਦੇਰ ਮਾਸਕ ਜਰੂਰ ਪਾਇਆ ਜਾਵੇ ਅਤੇ ਲੱਛਣ ਨਜਰ ਆਉਣ `ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਬੇਰੋਜ਼ਗਾਰੀ ਨੂੰ ਠੱਲ ਪਾਉਣ ਲਈ ਘਰ-ਘਰ ਰੋਜ਼ਗਾਰ ਸਕੀਮ ਤਹਿਤ ਪੰਜਾਬ ਵਿਚ ਸੱਤ ਹਜ਼ਾਰ ਤੋਂ ਵਧੇਰੇ ਡਿਪੂ ਹੋਲਡਰਾਂ ਨੂੰ ਨਵੇ ਰਾਸ਼ਨ ਡਿਪੂਆਂ ਦੀ ਅਲਾਟਮੈਂਟ ਕੀਤੀ ਗਈ।ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਰੋਜ਼ਗਾਰ ਮੇਲੇ ਵੀ ਲਗਾਏ ਜਾ ਰਹੇ ਹਨ ਅਤੇ ਸਵੈ-ਰੋਜ਼ਗਾਰ ਦੇ ਕਾਬਲ ਬਣਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ, ਪਰਿਵਾਰ ਤੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ, ਖੁਰਾਕ ਸਪਲਾਈ ਮੰਤਰੀ ਸ੍ਰੀ ਭਾਰਤ ਭੁਸ਼ਣ ਆਸ਼ੂ, ਯੂਥ ਕਾਂਗਰਸ ਦੇ ਪ੍ਰਧਾਨ ਸ. ਬਰਿੰਦਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ।
ਵਰਚੂਅਲ ਸਮਾਗਮ ਦੇ ਸਮਾਪਨ ਹੋਣ ਉਪਰੰਤ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਦੌਰਾ ਕੀਤਾ ਗਿਆ।ਇਸ ਉਪਰੰਤ ਉਨ੍ਹਾਂ ਹਸਪਤਾਲ ਵਿਖੇ ਪਹੁੰਚ ਕੇ ਪ੍ਰਬੰਧਾਂ ਦਾ ਜਾਇਜਾ ਲਿਆ।ਉਨ੍ਹਾਂ ਦੱਸਿਆ ਕਿ ਅੱਜ ਕੋਵਿਡ-19 ਟੀਕਾਕਰਨ ਦੇ ਸ਼ੁਰੂਆਤੀ ਦੌਰ `ਚ ਸਿਵਲ ਹਸਪਤਾਲ ਫਾਜ਼ਿਲਕਾ ਅਤੇ ਸਿਵਲ ਹਸਪਤਾਲ ਅਬੋਹਰ ਵਿਖੇ ਸਿਹਤ ਕਰਮੀਆਂ ਦੀ ਵੈਕਸੀਨੇਸ਼ਨ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਦੋਨੋ ਥਾਵਾਂ `ਤੇ 100-100 ਲਾਭਪਾਤਰੀਆਂ ਦੀ ਵੈਕਸੀਨੇਸ਼ਨ ਕੀਤੀ ਜਾਵੇਗੀ।
ਇਸ ਮੌਕੇ ਵਿਧਾਇਕ ਬਲੂਆਣਾ ਸ੍ਰੀ ਨਥੂ ਰਾਮ, ਸ. ਸੁਖਵੰਤ ਸਿੰਘ ਬਰਾੜ, ਐਸ.ਡੀ.ਐਮ. ਫਾਜ਼ਿਲਕਾ ਸ੍ਰੀ ਕੇਸ਼ਵ ਗੋਇਲ, ਸਹਾਇਕ ਕਮਿਸ਼ਨਰ ਸ੍ਰੀ ਕੰਵਰਜੀਤ ਸਿੰਘ, ਜ਼ਿਲਾ ਫੂਡ ਸਪਲਾਈ ਕੰਟਰੋਲਰ ਸ੍ਰੀ ਗੁਰਪ੍ਰੀਤ ਸਿੰਘ ਕੰਗ ਤੋਂ ਇਲਾਵਾ ਹੋਰ ਅਧਿਕਾਰੀ ਤੇ ਪਤਵੰਤੇ ਸਜਨ ਮੌਜੂਦ ਸਨ।