ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ 16 ਜਨਵਰੀ 2021 :ઠਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਛਮਾਹੀ ਰੱਖ ਰਖਾਓ ਲਈ ਇਸ ਵਾਰ ਬੰਦ ਨਹੀ ਕੀਤਾ ਜਾਵੇਗਾ।ਇਸ ਤੋ ਪਹਿਲਾ ਹਰ ਸਾਲ ਵਿਰਾਸਤ-ਏ-ਖਾਲਸਾ ਜਰੂਰੀ ਮੁਰੰਮਤ ਤੇ ਰੱਖ ਰਖਾਓ ਲਈ 25 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਬੰਦ ਰਹਿੰਦਾ ਸੀ। ਇਸ ਸਾਲ ਵਿਰਾਸਤ-ਏ-ਖਾਲਸਾ ਮੈਨੇਜਮੇਂਟ ਵਲੋਂ ਇਹ ਸ਼ਲਾਘਾਯੋਗ ਫੈਸਲਾ ਲਿਆ ਗਿਆ ਹੈ ਕਿ ਦੇਸ਼-ਵਿਦੇਸ਼ ਦੇ ਸੈਲਾਨੀਆਂ ਲਈ ਵਿਰਾਸਤ-ਏ-ਖਾਲਸਾ ਇਸ ਵਾਰ ਬੰਦ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਕਾਰਨ ਕਈ ਮਹੀਨਿਆਂ ਤੱਕ ਵਿਰਾਸਤ-ਏ-ਖਾਲਸਾ ਬੰਦ ਰਿਹਾ ਸੀ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਰਾਸਤ-ਏ-ਖਾਲਸਾ ਮੈਨੇਜਮੇਂਟ ਵਲੋਂ ਇਸ ਸਾਲ 25 ਜਨਵਰੀ ਤੋਂ 31 ਜਨਵਰੀ ਤੱਕ ਵਿਰਾਸਤ-ਏ-ਖਾਲਸਾ ਬੰਦ ਨਹੀਂ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਵਿਰਾਸਤ-ਏ-ਖਾਲਸਾ ਦੇ ਮੈਨੇਜਰ ਭੁਪਿੰਦਰ ਸਿੰਘ ਚਾਨਾ ਨੇ ਦੱਸਿਆ ਕਿ ਇਸ ਸਾਲ ਸੈਲਾਨੀਆਂ ਲਈ ਵਿਰਾਸਤ-ਏ-ਖਾਲਸਾ 25 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਖੁੱਲਾ ਰਹੇਗਾ।ਜਿਸ ਨਾਲ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਦੱਸਣਯੋਗ ਹੈ ਕਿ ਜਦੋ ਤੋ ਪੰਜਾਬ ਸਰਕਾਰ ਨੇ ਕਰੋਨਾ ਕਾਲ ਉਪਰੰਤ ਵਿਰਾਸਤ-ਏ-ਖਾਲਸਾ ਨੂੰ ਖੋਲਿਆ ਹੈ ਉਸ ਦਿਨ ਤੋ ਹੀ ਇਥੇ ਸੰਗਤਾਂ ਤੇ ਸੈਲਾਨੀਆਂ ਦੀ ਭਾਰੀ ਆਮਦ ਸੁਰੂ ਹੋ ਗਈ ਹੈ। ਇਸ ਲਈ ਮੈਨੇਜਮੈਂਟ ਵਲੋਂ ਇਥੇ ਲਗਾਤਾਰ ਸੈਨੇਟਾਈਜੇਸ਼ਨ ਕੀਤੀ ਜਾ ਰਹੀ ਹੈ। ਸੈਲਾਨੀਆਂ ਨੂੰ ਮਾਸਕ ਪਾਉਣਾ ਅਤੇ ਆਪਸੀ ਵਿੱਥ ਰੱਖਣਾ ਯਕੀਨੀ ਬਣਾਉਣ ਲਈ ਲਗਾਤਾਰ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ। ਸਿਹਤ ਵਿਭਾਗ ਦੀਆਂ ਸਾਰੀਆਂ ਜਰੂਰੀ ਹਦਾਇਤਾਂ ਵੀ ਪਾਲਣਾ ਕੀਤੀ ਜਾ ਰਹੀ ਹੈ।ਥਰਮਲ ਸਕਰੀਨਿੰਗ ਤੋ ਲੈ ਕੇ ਕੋਵਿਡ ਟੈਸਟਿੰਗ ਤੱਕ ਹਰ ਤਰਾਂ ਦੀਆਂ ਜਰੂਰੀ ਹਦਾਇਤਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਇਸ ਦੇ ਖੁੱਲ ਜਾਣ ਨਾਲ ਇਲਾਕੇ ਦੇ ਵਪਾਰੀ ਅਤੇ ਹੋਰ ਵੱਖ ਵੱਖ ਵਰਗਾਂ ਵਿਚ ਵੀ ਖੁਸ਼ੀ ਪਾਈ ਜਾ ਰਹੀ ਹੈ।