ਨਿਰਵੈਰ ਸਿੰਘ ਸਿੰਧੀ
ਮਮਦੋਟ, 16 ਜਨਵਰੀ 2021 - ਅੱਜ ਦੁਪਹਿਰ ਫਿਰੋਜ਼ਪੁਰ -ਫਾਜ਼ਿਲਕਾ ਜੀਟੀ ਰੋਡ 'ਤੇ ਸਥਿਤ ਪਿੰਡ ਹੁਸੈਣਸ਼ਾਹ ਦੇ ਲਾਗੇ ਦੋ ਕਾਰਾਂ ਵਿਚਾਲੇ ਆਹਮੋ-ਸਾਹਮਣੀ ਭਿਆਨਕ ਟੱਕਰ ਹੋ ਗਈ, ਜਿਸ ਵਿਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਅੋਰਤਾਂ ਅਤੇ ਬੱਚੀ ਸਮੇਤ ਕੁੱਲ ਚਾਰ ਜਣੇ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਫਿਰੋਜ਼ਪੁਰ ਵਿਖੇ ਲਿਜਾਇਆ ਗਿਆ।
ਉਧਰ ਮੌਕੇ 'ਤੇ ਪੁੱਜੀ ਥਾਣਾ ਮਮਦੋਟ ਦੀ ਪੁਲਿਸ ਨੇ ਵੀ ਘਟਨਾ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਜਸਵੰਤ ਸਿੰਘ ਜੱਸਾ ਪੁੱਤਰ ਮੇਜ਼ਾ ਸਿੰਘ ਵਾਸੀ ਲੱਖੋ ਕੇ ਬਹਿਰਾਮ ਆਪਣੀ ਪਤਨੀ ਅਤੇ ਬੇਟੀ ਸਮੇਤ ਦਵਾਈ ਲੈਣ ਲਈ ਫਿਰੋਜ਼ਪੁਰ ਵੱਲ ਜਾ ਰਹੇ ਸਨ ਕਿ ਸੱਤ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਹੁਸੈਣਸ਼ਾਹ ਦੇ ਲਾਗੇ ਸਾਹਮਣੇ ਤੋਂ ਆ ਰਹੀ ਹੌਂਡਾ ਸਿਟੀ ਕਾਰ ਨਾਲ ਭਿਆਨਕ ਟੱਕਰ ਹੋ ਗਈ।
ਤੁਰੰਤ ਲੋਕਾਂ ਦੀ ਸਹਾਇਤਾ ਨਾਲ ਸਾਰੇ ਜ਼ਖ਼ਮੀਆਂ ਨੂੰ ਫਿਰੋਜ਼ਪੁਰ ਵਿਖੇ ਲਿਜਾਇਆ ਗਿਆ ਜਿਥੇ ਜਸਵੰਤ ਸਿੰਘ ਜੱਸਾ ਦੀ ਹਸਪਤਾਲ ਲੈ ਕੇ ਜਾਂਦਿਆਂ ਰਸਤੇ ਵਿਚ ਹੀ ਮੌਤ ਹੋ ਗਈ। ਦੂਜੇ ਗੰਭੀਰ ਜ਼ਖ਼ਮੀ ਕਾਰ ਚਾਲਕ ਦੀ ਪਛਾਣ ਨਹੀਂ ਹੋ ਸਕੀ। ਦੋਵਾਂ ਕਾਰਾਂ ਦੀ ਟੱਕਰ ਇੰਨੀ ਭਿਆਨਕ ਸੀ ਕਿ ਗੱਡੀਆਂ ਦੇ ਅਗਲੇ ਟਾਇਰ ਵੀ ਚੈਸੀ ਨਾਲੋਂ ਉੱਖੜ ਗਏ ਅਤੇ ਸ਼ੀਸ਼ੇ ਟੁੱਟ ਕੇ ਸੀਟਾਂ ਵਿਚ ਖੁੱਭ ਗਏ। ਇਥੇ ਇਹ ਦੱਸਣਯੋਗ ਹੈ ਕਿ ਮਿ੍ਤਕ ਜਸਵੰਤ ਸਿੰਘ ਜੱਸਾ ਨੇ ਦੋ ਮਹੀਨੇ ਪਹਿਲਾਂ ਹੀ ਨਵੀਂ ਗੱਡੀ ਖਰੀਦੀ ਸੀ। ਉਧਰ ਮੌਕੇ ਤੇ ਪੁੱਜੇ ਏ ਐੱਸ ਆਈ ਦਰਸ਼ਨ ਸਿੰਘ ਨੇ ਕਿਹਾ ਕਿ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਤਿੰਨ ਜਣੇ ਜ਼ਖ਼ਮੀ ਹਨ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।