ਜੀ ਐਸ ਪੰਨੂ
ਪਟਿਆਲਾ, 16 ਜਨਵਰੀ 2021 - ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਨਵੀਂ ਦਿੱਲੀ ਦੇ ਕਾਨਸਟੀਟਿਊਸ਼ਨ ਕਲੱਬ ਵਿਖੇ ਭਾਰਤੀ ਪੈਟਰੋਲੀਅਮ ਮੰਤਰਾਲੇ ਵੱਲੋਂ ਕਰਵਾਏ ਸ਼ਕਸ਼ਮ-2021 ਆਨ-ਲਾਈਨ ਸਮਾਗਮ ਦੌਰਾਨ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਘੱਟੋ ਘੱਟ ਤੇਲ ਦੀ ਖਪਤ ਲਈ ਦੇਸ਼ ਭਰ 'ਚੋਂ ਦੂਸਰਾ ਸਥਾਨ ਪ੍ਰਾਪਤ ਹੋਇਆ ਹੈ। ਆਨ-ਲਾਈਨ ਸਮਾਗਮ 'ਚ ਸ਼ਿਰਕਤ ਕਰਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼ਰਮਾ ਨੇ ਇਹ ਅਵਾਰਡ ਪ੍ਰਾਪਤ ਕੀਤਾ।
ਸ਼ਰਮਾ ਨੇ ਦੱਸਿਆ ਕਿ ਪੀ.ਸੀ.ਆਰ.ਏ (ਪੈਟਰੋਲੀਅਮ ਕੰਜ਼ਰਵੇਸ਼ਨ ਐਂਡ ਰੀਸਰਚ ਐਸੋਸੀਏਸ਼ਨ) ਵੱਲੋਂ ਸਾਰੇ ਰਾਜਾਂ ਦੀਆਂ ਟਰਾਂਸਪੋਰਟ ਅਦਾਰਿਆਂ ਦੀਆਂ ਬੱਸਾਂ ਦੀ ਤੇਲ ਦੀ ਖਪਤ ਨੂੰ ਵਾਚਦੇ ਹੋਏ ਪੀ.ਆਰ.ਟੀ.ਸੀ. ਨੂੰ ਦੂਜੇ ਰਾਜਾਂ ਦੀਆਂ ਸਟੇਟ ਟਰਾਂਸਪੋਰਟਾਂ ਦੀਆਂ ਬੱਸਾਂ ਦੇ ਮੁਕਾਬਲੇ ਘੱਟ ਤੇਲ ਖਪਤ ਕਰਨ ਕਰਕੇ ਰਨਰ ਅੱਪ ਅਵਾਰਡ ਮਿਲਿਆ ਹੈ ਅਤੇ ਦੋ ਲੱਖ ਇਨਾਮੀ ਰਾਸ਼ੀ ਵੀ ਦਿੱਤੀ ਗਈ ਹੈ।
ਇਸ ਮੌਕੇ ਸ਼ਰਮਾ ਨੇ ਪੀ.ਸੀ.ਆਰ.ਏ. ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਧਰਮਿੰਦਰ ਪ੍ਰਧਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆ ਕਿਹਾ ਕਿ ਇਹ ਅਵਾਰਡ ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗਾ। ਸ਼ਰਮਾ ਨੇ ਦੱਸਿਆ ਕਿ ਇਸ ਅਵਾਰਡ ਨਾਲ ਪੀ.ਆਰ.ਟੀ.ਸੀ. ਦਾ ਅਕਸ ਦੇਸ਼ 'ਚ ਹੋਰ ਬੇਹਤਰ ਹੋਇਆ ਹੈ। ਚੇਅਰਮੈਨ ਨੇ ਦੱਸਿਆ ਕਿ ਪੰਜਾਬ ਸਟੇਟ 'ਚੋਂ ਸਰਵੋਤਮ ਡਿਪੂ ਵਜੋਂ ਅਵਾਰਡ ਪੀ.ਆਰ.ਟੀ.ਸੀ. ਦੇ ਫਰੀਦਕੋਟ ਡਿਪੂ ਨੂੰ ਦਿੱਤਾ ਗਿਆ ਹੈ ਅਤੇ ਇਸ ਅਵਾਰਡ ਦੀ ਰਾਸ਼ੀ ਵਜੋਂ 50 ਹਜ਼ਾਰ ਰੁਪਏ ਪ੍ਰਾਪਤ ਹੋਏ ਹਨ।