Pic source Joe Biden Twitter account
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 17 ਜਨਵਰੀ 2021 - ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ 20 ਜਨਵਰੀ ਨੂੰ ਹੋ ਰਹੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਪ੍ਰਸ਼ਾਸਨ ਸੁਰੱਖਿਆ ਪ੍ਰਬੰਧ ਨੂੰ ਲੈ ਕੇ ਪੂਰੀ ਤਰ੍ਹਾਂ ਸਤਰਕ ਹੈ।ਟਰੰਪ ਹਮਾਇਤੀਆਂ ਦੁਆਰਾ ਕੈਪੀਟਲ ਹਿਲ ਵਿੱਚ ਕੀਤੇ ਦੰਗਿਆਂ ਤੋਂ ਬਾਅਦ ਇਸ ਸਮਾਗਮ ਦੌਰਾਨ ਵੀ ਹਿੰਸਾ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਲਈ ਸੁਰੱਖਿਆ ਕਾਰਨਾਂ ਕਰਕੇ ਦੇਸ਼ ਦੀਆਂ ਪ੍ਰਮੁੱਖ ਏਅਰਲਾਇਨਜ਼ ਅਤੇ ਹਵਾਈ ਅੱਡੇ ਅਗਲੇ ਹਫਤੇ ਰਾਸ਼ਟਰਪਤੀ ਸਹੁੰ ਸਮਾਰੋਹ ਤੋਂ ਪਹਿਲਾਂ ਸੁਰੱਖਿਆ ਵਧਾ ਰਹੇ ਹਨ। ਇਸ ਸੰਬੰਧੀ ਡੈਲਟਾ ਅਤੇ ਹੋਰ ਪ੍ਰਮੁੱਖ ਏਅਰ ਕੰਪਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੁਆਰਾ ਵਾਸ਼ਿੰਗਟਨ ਜਾਣ ਵਾਲੇ ਯਾਤਰੀਆਂ ਦੇ ਚੈਕ ਬੈਗਾਂ ਵਿੱਚ ਬੰਦੂਕਾਂ ਰੱਖਣ ਤੇ ਪਾਬੰਦੀ ਲਗਾਈ ਜਾਵੇਗੀ।
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੁਆਰਾ 6 ਜਨਵਰੀ ਨੂੰ ਸੰਯੁਕਤ ਰਾਜ ਦੀ ਰਾਜਧਾਨੀ ਵਿੱਚ ਹੋਏ ਦੰਗਿਆਂ ਅਤੇ ਕੁਝ ਉਡਾਣਾਂ ਵਿੱਚ ਰਾਜਨੀਤਿਕ ਤੌਰ ਤੇ ਹੋਏ ਟਕਰਾਅ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ ਅਤੇ ਪਿਛਲੇ ਦਿਨੀ ਦੇਸ਼ ਦੇ ਸੈਨੇਟਰਾਂ ਨੂੰ ਵੀ ਹਵਾਈ ਅੱਡਿਆਂ ਤੇ ਉਡਾਨਾਂ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਬਾਰੇ ਸਭ ਤੋਂ ਪਹਿਲਾਂ ਡੈਲਟਾ ਏਅਰ ਲਾਈਨਜ਼ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਇਹ ਵਾਸ਼ਿੰਗਟਨ ਖੇਤਰ ਦੇ ਹਵਾਈ ਅੱਡਿਆਂ ਤੇ ਬੰਦੂਕਾਂ ਲੈ ਜਾਣ ਤੇ ਪਾਬੰਦੀ ਲਗਾਵੇਗੀ ਅਤੇ ਬਾਅਦ ਵਿੱਚ ਯੂਨਾਈਟਿਡ, ਅਲਾਸਕਾ, ਅਮੈਰੀਕਨ ਆਦਿ ਏਅਰ ਕੰਪਨੀਆਂ ਨੇ ਵੀ ਇਹ ਘੋਸ਼ਣਾ ਕੀਤੀ।
ਜਿਸ ਅਨੁਸਾਰ ਇਹ ਪਾਬੰਦੀਆਂ ਸ਼ਨੀਵਾਰ ਤੋਂ ਸ਼ੁਰੂ ਹੋ ਕੇ ਅਤੇ 23 ਜਨਵਰੀ ਤੱਕ ਲਾਗੂ ਹੋਣਗੀਆਂ। ਇਸਦੇ ਇਲਾਵਾ ਏਅਰਲਾਇੰਜ਼ ਨੇ ਹੋਰ ਨਿਯਮਾਂ ਦੀ ਵੀ ਘੋਸ਼ਣਾ ਕੀਤੀ ਹੈ ਜਿਸ ਵਿੱਚ ਅਮੈਰੀਕਨ ਏਅਰਲਾਇਨ ਨੇ ਵਾਸ਼ਿੰਗਟਨ ਖੇਤਰ ਦੀਆਂ ਉਡਾਣਾਂ ਤੇ ਸ਼ਰਾਬ ਪੀਣ ਤੇ ਪਾਬੰਦੀ ਲਗਾਈ ਹੈ ਜੋ ਸ਼ਨੀਵਾਰ ਤੋਂ ਸ਼ੁਰੂ ਹੋ ਕੇ ਵੀਰਵਾਰ ਤੱਕ ਜਾਰੀ ਰਹੇਗੀ । ਇਸਦੇ ਨਾਲ ਹੀ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਅਨੁਸਾਰ ਹਵਾਈ ਜਹਾਜ਼ ਦੇ ਸਟਾਫ ਮੈਂਬਰਾਂ ਜਾਂ ਹੋਰ ਯਾਤਰੀਆਂ ਨਾਲ ਦੁਰਵਿਵਹਾਰ ਕਰਨ ਵਾਲਿਆਂ ਨੂੰ ਚੇਤਾਵਨੀ ਦੇਣ ਦੀ ਜਗ੍ਹਾ ਤੁਰੰਤ ਕਾਨੂੰਨੀ ਕਾਰਵਾਈ ਅਧੀਨ ਲਿਆਂਦਾ ਜਾਵੇਗਾ। ਅਮਰੀਕਾ ਵਿੱਚ ਫੈਡਰਲ ਕਾਨੂੰਨ ਯਾਤਰੀਆਂ ਨੂੰ ਚੈਕ ਕੀਤੇ ਸਮਾਨ ਵਿੱਚ ਅਨਲੋਡ ਅਤੇ ਲਾਕ ਕੀਤੀਆਂ ਬੰਦੂਕਾਂ ਨੂੰ ਬੰਦ ਕਰਕੇ ਪਾਉਣ ਦੀ ਆਗਿਆ ਦਿੰਦਾ ਹੈ ਹਾਲਾਂਕਿ ਏਅਰਲਾਈਨਾਂ ਨੂੰ ਬੰਦੂਕਾਂ 'ਤੇ ਪਾਬੰਦੀ ਲਗਾਉਣ ਦਾ ਅਧਿਕਾਰ ਹੈ ਪਰ ਕਾਨੂੰਨ ਦੁਆਰਾ ਕੈਰੀ ਆਨ ਬੈਗਾਂ ਵਿੱਚ ਬੰਦੂਕਾਂ ਆਦਿ ਲੈ ਕੇ ਜਾਣ ਦੀ ਮਨਾਹੀ ਹੈ।