ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 17 ਜਨਵਰੀ 2021 - ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਸ਼ਨੀਵਾਰ ਸਵੇਰ ਨੂੰ ਜੁਲਾਈ ਤੋਂ ਲੈ ਕੇ 13 ਵੀਂ ਸੰਘੀ ਫਾਂਸੀ ਨੂੰ ਅੰਜਾਮ ਦਿੱਤਾ ਹੈ। ਪ੍ਰਸ਼ਾਸਨ ਦੁਆਰਾ ਇਹ ਕਾਰਵਾਈ ਮੌਤ ਦੀ ਸਜ਼ਾ ਦੇ ਵਿਰੋਧੀ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਰੋਹ ਤੋਂ ਸਿਰਫ ਪੰਜ ਦਿਨ ਪਹਿਲਾਂ ਕੀਤੀ ਗਈ ਹੈ। ਮੌਤ ਦੀ ਸਜ਼ਾ ਪ੍ਰਾਪਤ ਕਰਨ ਵਾਲਾ ਡਸਟਿਨ ਹਿਗਜ਼, 1996 ਵਿੱਚ ਮੈਰੀਲੈਂਡ ਵਿੱਚ ਤਿੰਨ ਔਰਤਾਂ ਦੇ ਕਤਲ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਇਹ ਦੋਸ਼ੀ ਇਸ ਹਫਤੇ ਵਿੱਚ ਇੰਡੀਆਨਾ ਦੇ ਟੈਰੇ ਹੌਤੇ ਦੀ ਸੰਘੀ ਜੇਲ੍ਹ ਵਿੱਚ ਜਾਨਲੇਵਾ ਟੀਕੇ ਨਾਲ ਮੌਤ ਦੀ ਸਜ਼ਾ ਪ੍ਰਾਪਤ ਕਰਨ ਵਾਲਾ ਤੀਜਾ ਕੈਦੀ ਸੀ।
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਆਂ ਵਿਭਾਗ ਨੇ 17 ਸਾਲਾਂ ਦੇ ਅੰਤਰਾਲ ਦੇ ਬਾਅਦ ਪਿਛਲੇ ਸਾਲ ਸੰਘੀ ਫਾਂਸੀ ਮੁੜ ਸ਼ੁਰੂ ਕੀਤੀ ਸੀ । ਇਸ 48 ਸਾਲਾ ਕੈਦੀ ਹਿਗਜ਼ ਨੂੰ ਸ਼ਨੀਵਾਰ ਸਵੇਰੇ ਲੱਗਭਗ 1:23 ਵਜੇ ਮ੍ਰਿਤਕ ਘੋਸ਼ਿਤ ਕੀਤਾ ਗਿਆ ਅਤੇ ਆਪਣੇ ਆਖਰੀ ਬਿਆਨ ਵਿੱਚ ਹਿਗਜ਼ ਸ਼ਾਂਤ ਸੀ ਅਤੇ ਪੀੜਤਾਂ ਦੇ ਨਾਮ ਦੱਸਦੇ ਹੋਏ ਕਿਹਾ ਕਿ ਉਸਨੇ ਕਤਲਾਂ ਦਾ ਆਦੇਸ਼ ਨਹੀਂ ਦਿੱਤਾ ਸੀ। ਇਸ ਤੋਂ ਪਹਿਲਾਂ ਇਸ ਹਫਤੇ ਮੌਤ ਦੀ ਕਤਾਰ ਵਿਚ ਇਕਲੌਤੀ ਔਰਤ ਲੀਜ਼ਾ ਮਾਂਟਗੋਮਰੀ ਨੂੰ ਬੁੱਧਵਾਰ ਦੇ ਦਿਨ ਇੱਕ ਗਰਭਵਤੀ ਮਹਿਲਾ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਉਸਦੇ ਅਗਲੇ ਦਿਨ ਵੀਰਵਾਰ ਨੂੰ ਸਾਬਕਾ ਨਸ਼ਾ ਤਸਕਰ ਕੋਰੇ ਜੋਹਨਸਨ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ।
ਇਹ ਦੋਵੇਂ ਅਪਰਾਧੀ ਹਿਗਜ਼ ਅਤੇ ਜੋਹਨਸਨ ਹਾਲ ਹੀ ਵਿੱਚ ਕੋਰੋਨਾਂ ਵਾਇਰਸ ਤੋਂ ਪ੍ਰਭਾਵਿਤ ਹੋਏ ਸਨ। ਇਸ ਮਾਮਲੇ ਵਿੱਚ ਅਕਤੂਬਰ 2000 ਨੂੰ ਮੈਰੀਲੈਂਡ ਦੀ ਇੱਕ ਫੈਡਰਲ ਜਿਊਰੀ ਨੇ ਤਿੰਨ ਔਰਤਾਂ ਤਮਿਕਾ ਬਲੈਕ (19) , ਮਿਸ਼ਨ ਚਿਨ (23) ਅਤੇ ਤੇਂਜ਼ੀ ਜੈਕਸਨ (21) ਨੂੰ ਫਸਟ ਡਿਗਰੀ ਕਤਲ ਅਤੇ ਅਗਵਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ।