ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 17 ਜਨਵਰੀ 2021 - ਅਮਰੀਕਾ ਦਾ ਸੂਬਾ ਕੈਲੀਫੋਰਨੀਆਂ ਜੋ ਵਾਇਰਸ ਦੀ ਲਾਗ ਨਾਲ ਪ੍ਰਭਾਵਿਤ ਰਾਜਾਂ ਵਿੱਚੋਂ ਪਹਿਲੇ ਨੰਬਰ ਤੇ ਹੈ, ਵਿੱਚ ਕੋਰੋਨਾਂ ਟੀਕਾਕਰਨ ਨੂੰ ਤੇਜ਼ ਕਰਨ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ। ਸੂਬੇ ਦੀ ਕਾਉਂਟੀ ਲਾਸ ਏਂਜਲਸ ਵਿੱਚ ਵੀ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਹੋ ਰਹੇ ਹਨ, ਜਿਸ ਕਰਕੇ ਵਾਇਰਸ ਨੂੰ ਕਾਬੂ ਕਰਨ ਲਈ ਅਤੇ ਜਲਦੀ ਨਾਲ ਟੀਕੇ ਨੂੰ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਆਦਾ ਟੀਕਾਕਰਨ ਕੇਂਦਰ ਖੋਲ੍ਹੇ ਜਾ ਰਹੇ ਹਨ।
ਇਸਦੀ ਲੜੀ ਤਹਿਤ ਲਾਸ ਏਂਜਲਸ ਦੇ ਡੌਜਰ ਸਟੇਡੀਅਮ ਨੂੰ ਵੱਡੇ ਪੱਧਰ ਤੇ ਟੀਕਾਕਰਨ ਕਰਨ ਲਈ ਪ੍ਰਕਿਰਿਆ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਟੀਕਾਕਰਨ ਕੇਂਦਰ ਦੇ ਪਹਿਲੇ ਦਿਨ ਦਾ ਦ੍ਰਿਸ਼ ਇੱਕ ਓਪਨ-ਏਅਰ ਫੈਕਟਰੀ ਵਰਗਾ ਸੀ ਅਤੇ ਅਧਿਕਾਰੀਆਂ ਨੇ ਪਹਿਲੇ ਦਿਨ 2,000 ਲੋਕਾਂ ਨੂੰ ਟੀਕਾ ਲਗਾਉਣ ਦੇ ਟੀਚੇ ਨਾਲ ਟੀਕਾਕਰਨ ਦੀ ਸ਼ੁਰੂਆਤ ਕੀਤੀ ਅਤੇ ਵਰਕਰਾਂ ਨੂੰ ਪ੍ਰਤੀ ਦਿਨ 12,000 ਲੋਕਾਂ ਨੂੰ ਟੀਕਾ ਲਗਾਉਣ ਦੇ ਟੀਚੇ ਤੱਕ ਪਹੁੰਚਣ ਦੀ ਉਮੀਦ ਹੈ।
ਲਾਸ ਏਂਜਲਸ ਦੇ ਮੇਅਰ ਐਰਿਕ ਗੈਰਸੇਟੀ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੀਕਾਕਰਨ ਕੇਂਦਰ ਨਾਲ ਜ਼ਿਆਦਾ ਲੋਕਾਂ ਨੂੰ ਟੀਕਾ ਲਗਾਉਣ ਵਿੱਚ ਸਹਾਇਤਾ ਮਿਲੇਗੀ ਅਤੇ ਸ਼ਹਿਰ ਜਲਦੀ ਹੀ ਫਾਇਰ ਸਟੇਸ਼ਨਾਂ ਸਮੇਤ ਹੋਰ ਸਾਈਟਾਂ ਦੀ ਸਹਾਇਤਾ ਨਾਲ 20,000 ਲੋਕਾਂ ਨੂੰ ਪ੍ਰਤੀ ਦਿਨ ਟੀਕਾ ਲਗਾਇਆ ਜਾਵੇਗਾ। ਉਸਨੇ ਇਹ ਵੀ ਐਲਾਨ ਕੀਤਾ ਕਿ ਵੁੱਡਲੈਂਡ ਹਿਲਜ਼ ਦੇ ਲਾਸ ਏਂਜਲਸ ਪਿਅਰਸ ਕਾਲਜ ਵਿੱਚ ਇੱਕ ਕੇਂਦਰ ਬਣਾਇਆ ਜਾ ਰਿਹਾ ਹੈ।
ਡੌਜਰ ਸਟੇਡੀਅਮ ਵਿੱਚ ਟੀਕਾਕਰਨ ਦੀ ਸ਼ੁਰੂਆਤ ਮੌਕੇ ਗਵਰਨਰ ਗੈਵਿਨ ਨਿਊਸਮ ਸਮੇਤ ਐਲ.ਏ ਸਿਟੀ ਕੌਂਸਲ ਦੇ ਪ੍ਰਧਾਨ ਨੂਰੀ ਮਾਰਟੀਨੇਜ, ਜਿੰਮੀ ਗੋਮੇਜ਼, ਐਲ.ਏ ਕੌਂਸਲਮੈਨ ਗਿਲ ਸੀਡੀਲੋ, ਸਟੀਵਨ ਬ੍ਰੈਡਫੋਰਡ ਆਦਿ ਅਧਿਕਾਰੀ ਸ਼ਾਮਿਲ ਸਨ। ਗਵਰਨਰ ਗੈਵਿਨ ਨਿਊਸਮ ਨੇ ਡੌਜਰ ਸਟੇਡੀਅਮ ਨੂੰ ਟੀਕਾਕਰਨ ਸਾਈਟ ਵਿੱਚ ਤਬਦੀਲ ਕਰਨ ਦੀ ਪ੍ਰਸ਼ੰਸਾ ਕਰਦਿਆਂ ਦੱਸਿਆ ਕਿ ਕੈਲੀਫੋਰਨੀਆਂ ਵਿੱਚ ਸਿਰਫ 3 ਮਿਲੀਅਨ ਤੋਂ ਵੱਧ ਪ੍ਰਾਪਤ ਹੋਈਆਂ ਖੁਰਾਕਾਂ ਵਿੱਚੋਂ 1.188 ਮਿਲੀਅਨ ਖੁਰਾਕਾਂ ਨੂੰ ਲਗਾਇਆ ਗਿਆ ਹੈ।