ਅਜੇ ਹੰਝੂ ਨਾ ਸੁੱਕੇ ਅੱਖਾਂ ‘ਚੋ, 80 ਸਾਲਾ ਬੇਬੇ ਪਹੁੰਚੀ ਦਿੱਲੀ ਬਾਰਡਰ 'ਤੇ
ਘਰਵਾਲ਼ੇ ਦੀ ਮੌਤ ਤੋਂ ਬਾਅਦ 80 ਸਾਲਾਂ ਬੇਬੇ ਡਟੀ ਕਿਸਾਨੀ ਮੋਰਚੇ ‘ਤੇ
ਰਵੀ ਜੱਖੂ
ਸਿੰਘੂ ਬਾਰਡਰ ਦਿੱਲੀ , 17ਜਨਵਰੀ 2021:
ਆਪਣੇ 80 ਸਾਲਾ ਪਤੀ ਦੀ ਕਿਸਾਨ ਮੋਰਚੇ 'ਚਾਹੀਦਾ ਹੋਈ ਸ਼ਹੀਦੀ ਤੋਂ ਬਾਅਦ,80 ਸਾਲਾ ਬੇਬੇ ਨੇ ਦਿੱਲੀ ਬਾਰਡਰ 'ਤੇ ਆ ਮੋਰਚਾ ਲਾ ਕੇ ਦੁਨੀਆ ਭਰ ਦੀ ਇੱਕ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ .
ਦਿੱਲੀ ਦੀਆਂ ਬਰੂੰਹਾਂ ਦੇ ਲੱਗੇ ਕਿਸਾਨੀ ਮੋਰਚੇ ਦੀ ਹੂਕ ਨੇ ਨਾ ਸਿਰਫ਼ ਸੂਬਿਆਂ ਦੀਆ ਹੱਦਾਂ ਟੱਪਿਆ ਸਗੋਂ ਚਿਹਰੇ ‘ਤੇ ਆਈਆਂ ਝੁਰੜੀਆਂ ਦਾ ਦੌਰ ਵੀ ਖ਼ਤਮ ਕਰਕੇ ਰੱਖ ਦਿੱਤਾ। ਪੁਰਖਿਆਂ ਤੋਂ ਕਿੱਤੇ ਵੱਜੋ ਮਿਲੀ ਖੇਤੀ ‘ਤੇ ਜਦੋਂ ਹਾਕਮਾਂ ਦੀ ਕਾਨੂੰਨੀ ਮਾਰ ਪੈਣੀ ਲੱਗੀ ਤਾਂ ਉਮਰਾਂ ਦੀ ਲਕੀਰ ਤੋੜਦਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਸੁਹਾਗ ਹੇੜੀ ਕਰੀਬ 80 ਸਾਲਾਂ ਹਰਫੂਲ ਸਿੰਘ 26 ਨਵੰਬਰ ਨੂੰ ਹੀ ਪੰਜਾਬ ‘ਚੋ ਚੱਲੇ ਸੰਘਰਸ਼ੀ ਮੋਰਚੇ ਨਾਲ ਸਿੰਘੂ ਬਾਰਡਰ ‘ਤੇ ਆ ਡਟਿਆ. ਆਖੇ ਹੁਣ ਕਾਨੂੰਨ ਵਾਪਸ ਕਰਵਾ ਕੇ ਹੀ ਜਾਵਾਂਗਾ। ਦਿਲਾਂ ਵਿੱਚ ਆਇਆ ਨੂੰ ਰੱਬ ਹੀ ਜਾਣੇ ਵਾਂਗ ਕਿਸਾਨੀ ਮੋਰਚੇ ‘ਤੇ ਹੀ ਬਿਮਾਰ ਹੋਇਆਂ ਡਾਕਟਰਾਂ ਸਲਾਹ ਦਿੱਤੀ ਕਿ ਘਰ ਅਰਾਮ ਕਰ ਪਰ ਹੱਥੋਂ ਨਿਕਲਦੀ ਪੁਰਖਿਆਂ ਦੀ ਖੇਤੀ ਕਿਵੇਂ ਜਰਦਾ ਮੋਰਚੇ ਤੋਂ ਘਰ ਆ 24 ਦਸੰਬਰ ਨੂੰ ਸਦਾ ਲਈ ਅਲਵਿਦਾ ਆਖ ਗਿਆ।
ਆਖੇ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਬਾਪੂ ਹਰਫੂਲ ਦੀ ਹਮਸਫ਼ਰ ਬੇਬੇ ਜਸਪਾਲ ਕੌਰ ਹਰਫੂਲ ਸਿੰਘ ਦੇ ਜਿੱਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਿੰਘੂ ਬਾਰਡਰ ਮੋਰਚੇ ‘ਤੇ ਆ ਡਟੀ। ਬੇਬੇ ਆਖੇ ਹਾਲੇ ਅੱਖਾਂ ਵਿੱਚ ਜ਼ਿੰਦਗੀ ਦੇ ਹਮਸਫ਼ਰ ਦੇ ਜਾਣ ਦੇ ਹੰਝੂ ਵੀ ਨਹੀਂ ਸੱਕੇ ਪਰ ਜਦੋਂ ਮਸਲਾ ਫ਼ਸਲਾਂ ਦੇ ਨਸਲਾਂ ਨੂੰ ਬਚਾਉਣਾ ਦਾ ਹੋਵੇ ਤਾਂ ਜੇਰਾ ਵੱਡਾ ਕਰਨਾ ਹੀ ਪਿਆ। ਉਮਰ ਦੇ ਜਿਸ ਪੜਾਅ ਤੇ ਆ ਰਜਾਈ ਦਾ ਨਿੱਘ ਮਾਣਨਾ ਸੀ ਬੇਬੇ ਸੰਘਰਸ਼ੀ ਘੋਲ ਵਿੱਚ ਆ ਲੰਗਰ ਪਕਾਉਂਦੀ ਹੈ।
‘ਜਿੱਤ ਤਾਂ ਜ਼ਰੂਰ ਹੋਵੇਗੀ’ ਦਾ ਨਾਅਰਾ ਮਾਰਦੀ ਕਹਿੰਦੀ ਹੈ, "ਪੁੱਤ ਖੇਤਾਂ ਨਾਲ ਜੁੜੇ ਹਾਂ, ਸੜਕਾਂ ‘ਤੇ ਰਾਤਾਂ ਕੱਟਣੋਂ ਨਹੀਂ ਡਰਦੇ । ਇਹੋ ਜਿਹੇ ਬੁਲੰਦ ਹੌਸਲੇ ਨਾਲ ਬੇਬੇ ਜਸਪਾਲ ਕੌਰ ਜਿੱਥੇ ਹੋਰਾਂ ਨੂੰ ਵੀ ਹਲੂਣਾ ਦਿੰਦੀ ਹੈ ਉੱਥੇ ਹੀ ਆਰਾਮਦਾਇਕ ਘਰਾਂ 'ਚ ਬੈਠ ਗੱਲ ਕਰਨ ਵਾਲਿਆਂ ‘ਤੇ ਵੀ ਵਿਅੰਗਮਈ ਸ਼ਬਦਾਂ ਨਾਲ ਨਸੀਹਤ ਦਿੰਦੀ ਹੈ।