ਅਸ਼ੋਕ ਵਰਮਾ
ਬਠਿੰਡਾ,17 ਜਨਵਰੀ 2021 - ਲੋਕ ਮੋਰਚਾ ਪੰਜਾਬ ਅਤੇ ਡੇਮੋਕ੍ਰੇਟਿਕ ਟੀਚਰਜ ਫਰੰਟ ਨੇ ਦਿੱਲੀ ਮੋਰਚੇ ਦੀ ਹਮਾਇਤ ’ਚ ਰੈਲੀਆਂ ਕਰਕੇ ਸਮੂਹ ਪੰਜਾਬੀਆਂ ਨੂੰ ਕਿਸਾਨ ਸੰਘਰਸ਼ ਦੇ ਹੱਕ ’ਚ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਤਲਵੰਡੀ ਸਾਬੋ ਇਲਾਕੇ ਦੇ ਪਿੰਡ ਜਗਾ ਰਾਮ ਤੀਰਥ ਅਤੇ ਫਤਿਹਗੜ ਨੌਂ ਅਬਾਦ ਵਿਖੇ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਅਤੇ ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਬਲਾਕ ਪ੍ਰਧਾਨ ਭੋਲਾ ਰਾਮ ਤਲਵੰਡੀ ਨੇ ਕਿਹਾ ਕਿ ਇਹ ਖੇਤੀ ਕਾਨੂੰਨ ਛੋਟੀ ਕਿਸਾਨੀ ਦੀ ਮੁਕੰਮਲ ਤਬਾਹੀ ਦੇ ਸਿਰ ਤੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਜਗੀਰਦਾਰਾਂ ਨੂੰ ਮਾਲਾਮਾਲ ਕਰਨ ਲਈ ਘੜੇ ਗਏ ਹਨ।
ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਮਜ਼ਦੂਰਾਂ ਦੇ ਰੁਜਗਾਰ ਦਾ ਵੱਡੀ ਪੱਧਰ ਤੇ ਉਜਾੜਾ ਹੋਵੇਗਾ ਜਿਸ ਨਾਲ ਕਈ ਸਮਾਜਿਕ ਸਮੱਸਿਆਵਾਂ ਪੈਦਾ ਹੋਣਗੀਆਂ। ਉਹਨਾਂ ਆਖਿਆ ਕਿ ਕਾਰਪੋਰੇਟ ਘਰਾਣੇ ਵੱਡੇ ਖੇਤੀ ਫਾਰਮਾਂ ਵਿੱਚ ਲੋਕਾਂ ਦੇ ਖਾਣ ਵਾਲੀਆਂ ਫਸਲਾਂ ਦੀ ਪੈਦਾਵਾਰ ਕਰਨ ਦੀ ਥਾਂ ਮੁਨਾਫੇ ਵਾਲਾ ਅਨਾਜ ਪੈਦਾ ਕਰਨਗੇ ਜਿਹਨਾਂ ਨੂੰ ਜਨਤਕ ਵੰਡ ਪ੍ਰਣਾਲੀ ਖਤਮ ਹੋਣ ਮਗਰੋਂ ਖੇਤ ਮਜ਼ਦੂਰਾਂ ਮਹਿੰਗੀਆਂ ਖਰੀਦਣ ਲਈ ਮਜਬੂਰ ਹੋਣਾ ਪਵੇਗਾ। ਉਹਨਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਦੇ ਨਾਲ ਨਾਲ ਸਾਨੂੰ ਸਾਮਰਾਜੀ ਕੰਪਨੀਆਂ ਦੇ ਮੁਨਾਫੇ ਜਬਤ ਕਰਨ , ਇਹਨਾਂ ਨੂੰ ਮੁਲਕ ਚੋਂ ਬਾਹਰ ਕੱਢਣ, ਸਾਮਰਾਜ ਜਾਗੀਰਦਾਰ ਪੱਖੀ ਨੀਤੀਆਂ ਰੱਦ ਕਰਨ ਅਤੇ ਦੇਸ਼ ਦੇ ਕੁੱਲ ਖਜਾਨੇ ਲੋਕਾਂ ਲਈ ਵਰਤਣ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਹਕੂਮਤ ਮੰਨੂੰਵਾਦੀ ਪ੍ਰਬੰਧ ਮੁੜ ਸਥਾਪਿਤ ਕਰਕੇ ਮੁੜ ਜਾਤ ਪਾਤ ਦੇ ਸੰਗਲਾਂ ਵਿੱਚ ਬੰਨਕੇ ਜਬਰ ਜੁਲਮ ਦਾ ਦੌਰ ਤੇਜ ਕਰ ਰਹੀ ਹੈ, ਔਰਤਾਂ ਦੀਆਂ ਬੇਪਤੀਆਂ, ਬਲਾਤਕਾਰ ਤੇ ਕਤਲ ਕੀਤੇ ਜਾ ਰਹੇ ਹਨ ਪਰ ਕਾਤਲਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਕਿਉਂਕਿ ਉਹਨਾਂ ਪਿੱਛੇ ਵੱਡੇ ਸਿਆਸੀ ਹੱਥ ਹਨ। ਉਹਨਾਂ ਭਾਜਪਾ ਹਕੂਮਤ ਵੱਲੋਂ ਕਿਸਾਨਾਂ ਮਜ਼ਦੂਰਾਂ ਵਿੱਚ ਫੁੱਟ ਪਾਉਣ ਦੀਆਂ ਚਾਲਾਂ ਨੂੰ ਅਸਫਲ ਕਰਕੇ ਕਿਸਾਨਾਂ ਮਜ਼ਦੂਰ ਏਕਤਾ ਕਾਇਮ ਕਰਨ ਦਾ ਸੱਦਾ ਦਿੱਤਾ।ਅੱਜ ਦੀ ਰੈਲੀ ਵਿੱਚ ਮਨਦੀਪ ਮਾਨਸਾ ਤੇ ਜਸਪਾਲ ਜਗਾ ਨੇ ਵੀ ਵਿਚਾਰ ਰੱਖੇ । ਬਠਿੰਡਾ ਦੀ ਨੁੱਕੜ ਨਾਟਕ ਟੀਮ ਰੰਗ ਦੇ ਬਸੰਤੀ ਵੱਲੋਂ ਨਾਟਕ ‘ਡਰਨਾ’ ਵੀ ਖੇਡਿਆ।