ਰਾਜਵੰਤ ਸਿੰਘ
- ਇੱਕ ਦੀ ਹਾਲਤ ਗੰਭੀਰ ਹੋਣ ’ਤੇ ਕੀਤਾ ਲੁਧਿਆਣਾ ਰੈਫ਼ਰ
- ਜ਼ਿਲ੍ਹਾ ਪੁਲਸ ਦੇ ਮੇਲਾ ਪ੍ਰਬੰਧਾਂ ’ਤੇ ਖੜ੍ਹੇ ਹੋਏ ਸਵਾਲ
ਸ੍ਰੀ ਮੁਕਤਸਰ ਸਾਹਿਬ, 17 ਜਨਵਰੀ 2021-ਸਥਾਨਕ ਮਲੋਟ ਰੋਡ ’ਤੇ ਲੱਗਣ ਵਾਲੇ ਮਾਘੀ ਮਨੋਰੰਜਨ ਮੇਲੇ ਵਿੱਚ ਪਿਛਲੀ ਸ਼ਾਮ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਜਿੱਥੇ ਮੇਲੇ ਅੰਦਰ ਆਉਣ ਵਾਲੇ ਲੋਕਾਂ ਅੰਦਰ ਡਰ ਪੈਦਾ ਹੋਇਆ ਹੈ, ਉਥੇ ਹੀ ਪੁਲਸ ਪ੍ਰਸ਼ਾਸ਼ਨ ਦੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਹੋਏ ਹਨ। ਪਿਛਲੀ ਰਾਤ ਕਰੀਬ ਸਵਾ 9 ਵਜੇ ਮੇਲਾ ਪ੍ਰਬੰਧਕਾਂ ਤੇ ਕੁੱਝ ਲੋਕਾਂ ਵਿਚਕਾਰ ਲੜਾਈ ਹੋ ਗਈ, ਜਿਸ ਵਿੱਚ ਮੇਲਾ ਪ੍ਰਬੰਧਕਾਂ ਦੇ ਪੰਜ ਮੈਂਬਰ ਜ਼ਖਮੀ ਹੋ ਗਏ ਹਨ, ਜਿੰਨ੍ਹਾਂ ਵਿੱਚੋਂ ਇੱਕ ਵਿਅਕਤੀ ਦੇ ਜ਼ਿਆਦਾ ਸੱਟਾਂ ਵੱਜਣ ਕਰਕੇ ਉਸਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਈ ਰੈਫ਼ਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਿਛਲੀ ਰਾਤ ਇੱਕ ਨੌਜਵਾਨ ਮੇਲੇ ਵਿੱਚ ਜੂਸ ਦਾ ਕੰਮ ਕਰਨ ਵਾਲੇ ਦੁਕਾਨਦਾਰ ਕੋਲ ਆਇਆ ਤੇ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਮੇਲਾ ਪ੍ਰਬੰਧਕਾਂ ਨੇ ਦੋਵਾਂ ਨੂੰ ਅਲੱਗ-ਅਲੱਗ ਕਰ ਦਿੱਤਾ। ਕੁੱਝ ਸਮੇਂ ਬਾਅਦ ਉਕਤ ਨੌਜਵਾਨ ਆਪਣੇ ਨਾਲ ਸਾਥੀਆਂ ਨੂੰ ਲੈ ਆਇਆ, ਜਿਸਨੇ ਆਉਂਦਿਆਂ ਹੀ ਮੇਲਾ ਪ੍ਰਬੰਧਕਾਂ ’ਤੇ ਹਮਲਾ ਬੋਲ ਦਿੱਤਾ, ਜਿਸ ਨਾਲ ਪੰਜ ਜਣੇ ਜ਼ਖਮੀ ਹੋ ਗਏ। ਪ੍ਰਤੱਖਦਰਸ਼ੀਆਂ ਅਨੁਸਾਰ ਕੁੱਟਮਾਰ ਕਰਨ ਵਾਲਿਆਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਫੜ੍ਹੇ ਹੋਏ ਸਨ। ਇਸ ਤਰ੍ਹਾਂ ਅਚਾਨਕ ਹੋਏ ਹਮਲੇ ਵਿੱਚ ਮੇਲਾ ਪ੍ਰਬੰਧਕਾਂ ਨੂੰ ਗੰਭੀਰ ਸੱਟਾਂ ਵੱਜੀਆਂ, ਜਿੰਨ੍ਹਾਂ ਵਿੱਚੋਂ ਇੱਕ ਨੂੰ ਜ਼ਿਆਦਾ ਸੱਟਾਂ ਵੱਜਣ ਕਰਕੇ ਉਸਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਈ ਰੈਫ਼ਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਤਿੰਨ ਜਣਿਆਂ ਦੇ ਘੱਟ ਸੱਟਾਂ ਵੱਜਣ ਕਰਕੇ ਮੁੱਢਲੀ ਸਹਾਇਤਾ ਦੇਣ ਉਪਰੰਤ ਛੁੱਟੀ ਦਿੱਤੀ ਗਈ ਹੈ, ਜਦਕਿਂ ਇੱਕ ਜ਼ਖਮੀ ਕੋਟਕਪੂਰਾ ਰੋਡ ਸਥਿਤ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਮੌਕੇ ’ਤੇ ਡੀਐਸਪੀ ਹਰਵਿੰਦਰ ਸਿੰਘ ਚੀਮਾ, ਥਾਣਾ ਸਿਟੀ ਦੇ ਐਸਐਚਓ ਮੋਹਨ ਲਾਲ ਪੁਲਸ ਟੀਮ ਨਾਲ ਉਥੇ ਪੁੱਜੇ। ਉਧਰ ਜਦੋਂ ਇਸ ਸਬੰਧੀ ਐਸਐਸਪੀ ਡੀ ਸੁਡਰਵਿਲੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ, ਜਿਸ ਤੋਂ ਬਾਅਦ ਡੀਐਸਪੀ ਹਰਵਿੰਦਰ ਸਿੰਘ ਚੀਮਾ ਨਾਲ ਕੀਤੇ ਸੰਪਰਕ ਵਿੱਚ ਉਨ੍ਹਾਂ ਕਿਹਾ ਕਿ ਉਹ ਫ਼ਿਲਹਾਲ ਬਾਹਰ ਹਨ ਤੇ ਤੁਸੀ ਇਸ ਸਬੰਧੀ ਥਾਣਾ ਸਿਟੀ ਮੁਖੀ ਨਾਲ ਸੰਪਰਕ ਕਰੋ, ਪਰ ਜਦੋਂ ਥਾਣਾ ਸਿਟੀ ਦੇ ਐਸਐਚਓ ਮੋਹਨ ਲਾਲ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਵੀ ਫੋਨ ਨਹੀਂ ਚੁੱਕਿਆ।
ਜ਼ਿਲ੍ਹਾ ਪੁਲਸ ਦੇ ਸੁਰੱਖਿਆ ਪ੍ਰਬੰਧਾਂ ’ਤੇ ਖੜ੍ਹੇ ਹੋਏ ਸਵਾਲ
ਦੇਰ ਰਾਤ ਮਾਘੀ ਮੇਲੇ ਵਿੱਚ ਹੋਏ ਵਾਰਦਾਤ ਤੋਂ ਬਾਅਦ ਜ਼ਿਲ੍ਹਾ ਪੁਲਸ ਦੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਹੋਣ ਲੱਗੇ ਹਨ। ਵਰਣਨਯੋਗ ਹੈ ਕਿ ਮੇਲੇ ’ਚ ਸੁਰੱਖਿਆ ਲਈ ਜ਼ਿਲ੍ਹਾ ਪੁਲਸ ਵੱਲੋਂ ਜਿੱਥੇ ਪੁਲਸ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਸੀ, ਉਥੇ ਹੀ ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖਣ ਲਈ 170 ਸੀਸੀਟੀਵੀ ਕੈਮਰਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ, ਇਸ ਤੋਂ ਇਲਾਵਾ ਪੁਲਸ ਟੀਮਾਂ ਦੀ ਤਾਇਨਾਤੀ ਦੀ ਵੀ ਗੱਲ ਆਖ਼ੀ ਗਈ ਸੀ, ਪਰ ਦੇਰ ਰਾਤ ਹੋਈ ਘਟਨਾ ਤੋਂ ਬਾਅਦ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੇ ਚਰਚੇ ਲੋਕਾਂ ਵਿੱਚ ਹੋਣ ਲੱਗੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੀ ਜਗ੍ਹਾ ’ਤੇ ਪੁਲਸ ਦੀ ਨਿਗ੍ਹਾ ਤੋਂ ਪਰੇ ਹੋ ਕੇ ਅਜਿਹੀ ਘਟਨਾ ਹੋ ਸਕਦੀ ਹੈ ਤਾਂ ਆਮ ਥਾਵਾਂ ’ਤੇ ਲੋਕਾਂ ਦੀ ਸੁਰੱਖਿਆ ਦਾ ਕੀ ਬਣੇਗਾ?